ਤੇਲ ਅਵੀਵ: ਇਜ਼ਰਾਈਲ-ਫਲਸਤੀਨ ਸੰਘਰਸ਼ ਦੀ ਅੱਗ ਇੱਕ ਵਾਰ ਫਿਰ ਭੜਕ ਗਈ ਹੈ। ਸ਼ਨੀਵਾਰ ਦੀ ਸਵੇਰ ਗਾਜ਼ਾ 'ਚ ਮੌਜੂਦ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਪੰਜ ਹਜ਼ਾਰ ਤੋਂ ਜ਼ਿਆਦਾ ਰਾਕੇਟ ਦਾਗੇ ਹਨ। ਹਮਾਸ ਦੇ ਲੜਾਕਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 20 ਮਿੰਟਾਂ 'ਚ ਇਜ਼ਰਾਇਲੀ ਸ਼ਹਿਰਾਂ 'ਤੇ ਲਗਾਤਾਰ 5 ਹਜ਼ਾਰ ਰਾਕੇਟ ਦਾਗੇ ਹਨ। ਇਸ ਤੋਂ ਇਜ਼ਰਾਈਲ ਕਾਫੀ ਨਾਰਾਜ਼ ਹੈ ਅਤੇ ਜੰਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅਮਰੀਕਾ ਨੇ ਇਜ਼ਰਾਈਲ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਹਮਾਸ ਨੇ ਖਾਸ ਤੌਰ 'ਤੇ ਦੱਖਣੀ ਅਤੇ ਮੱਧ ਇਜ਼ਰਾਈਲ 'ਤੇ ਹਮਲੇ ਕੀਤੇ ਹਨ। ਇਹ ਹਮਲਾ ਦੱਖਣੀ ਖੇਤਰ 'ਚ ਇਕ ਫੌਜੀ ਕੈਂਪ 'ਤੇ ਹੋਇਆ। ਹਮਾਸ ਨੇ ਇਸ ਦੌਰਾਨ ਕਈ ਇਜ਼ਰਾਇਲੀ ਸੈਨਿਕਾਂ ਨੂੰ ਵੀ ਬੰਧਕ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਹਮਲੇ 'ਚ 15 ਇਜ਼ਰਾਇਲੀ ਜ਼ਖਮੀ ਹੋਏ ਹਨ।
ਇਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ: ਹਮਾਸ ਦੇ ਮੁਖੀ ਦਾਇਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ 'ਆਪਰੇਸ਼ਨ' ਨੂੰ ਅਲ ਅਕਸਾ ਸਟਰਮ ਦਾ ਨਾਂ ਦਿੱਤਾ ਹੈ। ਮੁਹੰਮਦ ਦਾਇਫ ਨੇ ਕਿਹਾ, "ਅਸੀਂ ਦੁਸ਼ਮਣ ਨੂੰ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਾਂ। ਇਜ਼ਰਾਈਲੀਆਂ ਨੇ ਸਾਡੇ ਲੋਕਾਂ ਦੇ ਖਿਲਾਫ ਸੈਂਕੜੇ ਕਤਲੇਆਮ ਕੀਤੇ ਹਨ।" ਉਸ ਨੇ ਅੱਗੇ ਕਿਹਾ, "ਅਸੀਂ ਆਪਰੇਸ਼ਨ ਅਲ ਅਕਸਾ ਫਲਡ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ। ਅਸੀਂ ਐਲਾਨ ਕਰਦੇ ਹਾਂ ਕਿ ਦੁਸ਼ਮਣ ਦੇ ਟਿਕਾਣਿਆਂ, ਹਵਾਈ ਅੱਡਿਆਂ, ਫੌਜੀ ਠਿਕਾਣਿਆਂ 'ਤੇ ਸਾਡੇ ਪਹਿਲੇ ਹਮਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਗਏ ਹਨ।"
ਪਹਿਲਾਂ ਵੀ ਹੋ ਚੁੱਕਿਆ ਟਕਰਾਅ: ਹਮਾਸ ਦੇ ਸੱਤਾ 'ਚ ਆਉਣ ਤੋਂ ਬਾਅਦ ਇਸਰਾਈਲ ਨੇ 2007 ਤੋਂ ਗਾਜ਼ਾ 'ਤੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਫਲਸਤੀਨੀ ਅੱਤਵਾਦੀਆਂ ਅਤੇ ਇਜ਼ਰਾਈਲ ਨੇ ਕਈ ਵਿਨਾਸ਼ਕਾਰੀ ਯੁੱਧ ਲੜੇ ਹਨ। ਇਜ਼ਰਾਈਲ ਲੰਬੇ ਸਮੇਂ ਤੋਂ ਫਲਸਤੀਨੀਆਂ 'ਤੇ ਹਮਲੇ ਕਰ ਰਿਹਾ ਹੈ। ਇਜ਼ਰਾਇਲੀ ਫੌਜ ਹਰ ਰੋਜ਼ ਫਲਸਤੀਨੀਆਂ ਦੇ ਘਰਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਵੱਡੀ ਤਬਾਹੀ ਦਾ ਕਾਰਨ ਬਣਦਾ ਹੈ। ਹੁਣ ਤੱਕ ਕਈ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਹ ਟਕਰਾਅ ਸਤੰਬਰ ਵਿੱਚ ਵਧੇ ਤਣਾਅ ਤੋਂ ਬਾਅਦ ਸ਼ੁਰੂ ਹੋਇਆ ਸੀ।
ਇਜ਼ਰਾਈਲ ਦੇ ਰਾਜਦੂਤ ਦਾ ਪ੍ਰਤੀਕਰਮ: ਉਧਰ ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਵੀ ਇਸ ਹਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ, "ਇਸਰਾਈਲ ਯਹੂਦੀ ਤਿਉਹਾਰਾਂ ਦੇ ਦਿਨ ਦੋਹਰੇ ਹਮਲੇ ਦੀ ਲਪੇਟ ਵਿੱਚ ਹੈ। ਹਮਾਸ ਦੇ ਕੱਟੜਪੰਥੀ ਅਤੇ ਰਾਕੇਟ ਦੋਵੇਂ ਹੀ ਹਮਲੇ ਕਰ ਰਹੇ ਹਨ।"