ਹੈਦਰਾਬਾਦ ਡੈਸਕ: ਪੂਰੀ ਦੇਸ਼-ਦੁਨੀਆਂ ਅੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ ਜਾ ਰਿਹਾ ਹੈ। ਜਿੱਥੇ ਇਹ ਸ਼ਹੀਦੀ ਜੋੜ ਮੇਲ ਪੰਜਾਬ ਅੰਦਰ ਤਾਂ ਚੱਲ ਹੀ ਰਿਹਾ ਹੈ, ਉੱਥੇ ਹੀ ਮੋਦੀ ਸਰਕਾਰ ਵਲੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਵੀਰ ਬਾਲ ਦਿਵਸ ਵਜੋਂ ਵੱਡਾ ਸਮਾਗਮ ਕਰਵਾਇਆ ਗਿਆ ਹੈ। ਇੱਥੇ ਪੀਐਮ ਨਰਿੰਦਰ ਮੋਦੀ, ਸੁਸ਼ਮਾ ਸਵਰਾਜ ਸਣੇ ਹੋਰ ਵੀ ਵੱਡੇ ਸਿਆਸੀ ਨੇਤਾ ਸ਼ਾਮਿਲ ਹਨ। ਇਸ ਤੋਂ ਇਲਾਵਾ, ਯੂਏਈ ਵਿੱਚ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਸ ਦਾ ਉਥੇ ਵੱਸਦੇ ਸਿੱਖ ਭਾਈਚਾਰੇ ਵਲੋਂ ਧੰਨਵਾਦ ਵੀ ਕੀਤਾ ਗਿਆ।
UAE 'ਚ ਸਮਾਗਮ: ਗੁਰੂ ਨਾਨਕ ਦਰਬਾਰ ਰਾਸ ਅਲ ਖੈਮਾਹ ਵਿਖੇ ਵੀਰ ਬਾਲ ਦਿਵਸ ਦੇ ਜਸ਼ਨਾਂ ਵਿੱਚ, ਯੂਏਈ ਵਿੱਚ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਨੇ ਕਿਹਾ, "ਮੈਂ ਯੂਏਈ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਸਾਨੂੰ ਇਹ ਧਰਤੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿੱਥੇ ਅਸੀਂ ਆਜ਼ਾਦੀ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਆ ਵਿੱਚ ਇਸ ਸਮਾਗਮ ਦਾ ਆਯੋਜਨ ਕੀਤਾ ਹੈ, ਇਸ ਲਈ ਉਹ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ।"
ਸ਼ਹੀਦੀ ਸਭਾ:ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ ਜੋੜ ਮੇਲ ਦੇ ਸਮਾਗਮ ਚੱਲ ਰਹੇ ਹਨ। ਇਨ੍ਹਾਂ ਦਿਨਾਂ ਨੂੰ ਸ਼ਹੀਦੀ ਸਭਾ ਵਜੋਂ ਵੀ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਤਿੰਨ ਦਿਨਾਂ ਲਈ ਜ਼ਿਲ੍ਹੇ ਅੰਦਰ ਸ਼ਰਾਬ ਦੇ ਠੇਕੇ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਿਉਂ ਮਨਾਇਆ ਜਾਂਦਾ 'ਵੀਰ ਬਾਲ ਦਿਵਸ': ਵੀਰ ਬਾਲ ਦਿਵਸ 26 ਦਸੰਬਰ ਨੂੰ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਮਨਾਉਣ ਦੀ ਪਰੰਪਰਾ ਸਿੱਖ ਧਰਮ ਦੇ ਸਨਮਾਨ ਵਿੱਚ ਸ਼ੁਰੂ ਕੀਤੀ ਗਈ ਹੈ।
ਦਸ਼ਮ ਪਿਤਾ ਦੇ ਪੂਰੇ ਪਰਿਵਾਰ ਦਾ ਬਲਿਦਾਨ:ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਪਾਰ ਕਰਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਸੀ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਪੋਤੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨਾਲੋਂ ਵੱਖ ਹੋ ਗਏ ਸੀ। ਸਰਸਾ ਨਦੀ ਪਾਰ ਕਰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਤੇ ਦੁਸ਼ਮਣਾਂ ਦੀ ਫੌਜ ਨੇ ਚਮਕੌਰ ਦੀ ਗੜੀ ਦੇ ਇਸ ਭਿਆਨਕ ਯੁੱਧ 'ਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਸਾਹਿਬਜ਼ਾਦਾ ਅਜੀਤ ਸਿੰਘ 17 ਸਾਲ ਦੇ ਅਤੇ ਜੁਝਾਰ ਸਿੰਘ 15 ਸਾਲਾਂ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਸ਼ਸਤਰ ਸਜਾ ਕੇ ਧਰਮਯੁੱਧ ਭੂਮੀ ਵਿੱਚ ਭੇਜਿਆ ਸੀ।
ਸਰਸਾ ਨਦੀ 'ਤੇ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਮਾਤਾ ਗੁਜਰੀ ਜੀ ਦੇ ਨਾਲ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਕਈ ਦਿਨ ਤੱਕ ਨਵਾਬ ਅਤੇ ਕਾਜੀ ਉਨ੍ਹਾਂ ਨੂੰ ਦਰਬਾਰ ਵਿੱਚ ਬੁਲਾ ਕੇ ਧਰਮ ਪਰਿਵਰਤਨ ਦੇ ਲਈ ਲਾਲਚ ਅਤੇ ਧਮਕੀਆਂ ਦਿੰਦੇ ਰਹੇ, ਪਰ ਸਾਹਿਬਜ਼ਾਦੇ ਸਿੱਖ ਧਰਮ ਨਾ ਛੱਡਣ ਉੱਤੇ ਹੀ ਡਟੇ ਰਹੇ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ:13 ਪੋਹ, 1704 ਵਿੱਚ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਨਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਜਿਨ੍ਹਾ ਦੀ ਉਮਰ ਉਸ ਵੇਲ੍ਹੇ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਜੀ, ਜੋ ਕੇਵਲ 7 ਸਾਲ ਦੇ ਸੀ, ਨੂੰ ਸਰਹਿੰਦ ਦੇ ਨਵਾਬ ਵਜੀਰ ਖਾਨ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਵਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ।