ਵਾਸ਼ਿੰਗਟਨ: ਬ੍ਰਿਟੇਨ 'ਚ ਲਿਜ਼ ਟਰਸ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲਿਜ਼ ਟਰਸ ਨਾਲ ਫੋਨ 'ਤੇ ਗੱਲ ਕੀਤੀ। ਬਾਈਡਨ ਨੇ ਲਿਜ਼ ਟਰਸ ਨੂੰ ਬ੍ਰਿਟੇਨ ਦੀ ਨਵਾਂ ਪ੍ਰਧਾਨ ਮੰਤਰੀ ਬਣਨ 'ਤੇ ਫੋਨ 'ਤੇ ਵਧਾਈ ਦਿੱਤੀ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਹੈ।
ਅਮਰੀਕੀ ਵ੍ਹਾਈਟ ਹਾਊਸ ਵਲੋਂ ਦੱਸਿਆ ਗਿਆ ਹੈ ਕਿ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਸਬੰਧਾਂ ਦੀ ਪੁਸ਼ਟੀ ਕੀਤੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਦੋਵਾਂ ਨੇਤਾਵਾਂ ਨੇ ਸਾਡੇ ਦੇਸ਼ਾਂ ਦੇ ਵਿੱਚ ਵਿਸ਼ੇਸ਼ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ।"
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਈਡਨ ਅਤੇ ਟਰਸ ਨੇ ਯੂਕਰੇਨ ਦਾ ਸਮਰਥਨ ਕਰਨ, ਚੀਨ ਦੁਆਰਾ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣ, ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਅਤੇ ਟਿਕਾਊ, ਸੁਰੱਖਿਅਤ ਅਤੇ ਕਿਫਾਇਤੀ ਊਰਜਾ ਸਰੋਤਾਂ ਨੂੰ ਯਕੀਨੀ ਬਣਾਉਣ ਸਮੇਤ ਗਲੋਬਲ ਚੁਣੌਤੀਆਂ 'ਤੇ ਲਗਾਤਾਰ ਨਜ਼ਦੀਕੀ ਸਹਿਯੋਗ ਦੀ ਮਹੱਤਤਾ 'ਤੇ ਫੋਨ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ "ਉਨ੍ਹਾਂ ਨੇ ਬੇਲਫਾਸਟ/ਗੁੱਡ ਫਰਾਈਡੇ ਸਮਝੌਤੇ ਦੇ ਲਾਭਾਂ ਅਤੇ ਉੱਤਰੀ ਆਇਰਲੈਂਡ ਪ੍ਰੋਟੋਕੋਲ 'ਤੇ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਗੱਲਬਾਤ ਸਮਝੌਤੇ ਤੱਕ ਪਹੁੰਚਣ ਦੇ ਮਹੱਤਵ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਬਾਰੇ ਵੀ ਚਰਚਾ ਕੀਤੀ।"