ਵਾਸ਼ਿੰਗਟਨ: ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸੀਰੀਆ 'ਚ ਇਸਲਾਮਿਕ ਸਟੇਟ ਦੇ ਇਕ ਨੇਤਾ ਨੂੰ ਡਰੋਨ ਹਮਲੇ 'ਚ ਮਾਰ ਦਿੱਤਾ ਹੈ। ਯੂਐਸ ਸੈਂਟਰਲ ਕਮਾਂਡ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਮਾਹਿਰ ਅਲ-ਅਗਲ ਮੰਗਲਵਾਰ ਨੂੰ ਮਾਰਿਆ ਗਿਆ ਅਤੇ ਇਸਲਾਮਿਕ ਸਟੇਟ ਦਾ ਇੱਕ ਅਣਪਛਾਤਾ ਸੀਨੀਅਰ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੈਂਟਾਗਨ ਨੇ ਕਿਹਾ ਹੈ ਕਿ ਇਸ ਕਾਰਵਾਈ 'ਚ ਕੋਈ ਨਾਗਰਿਕ ਜ਼ਖਮੀ ਨਹੀਂ ਹੋਇਆ ਹੈ, ਹਾਲਾਂਕਿ ਇਸ ਜਾਣਕਾਰੀ ਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ ਹੈ।
ਅਮਰੀਕਾ ਨੇ ਤੁਰਕੀ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਸੀਰੀਆ ਦੇ ਇੱਕ ਕਸਬੇ ਜਿੰਦਰੀਸ ਦੇ ਬਾਹਰ ਹਮਲਾ ਕੀਤਾ। ਜਦੋਂ ਇਸਲਾਮਿਕ ਸਟੇਟ ਆਪਣੇ ਸਿਖਰ 'ਤੇ ਸੀ ਤਾਂ ਇਸ ਨੇ ਸੀਰੀਆ ਤੋਂ ਲੈ ਕੇ ਇਰਾਕ ਤੱਕ ਫੈਲੇ 40,000 ਵਰਗ ਮੀਲ ਤੋਂ ਵੱਧ ਦੇ ਖੇਤਰ ਨੂੰ ਕੰਟਰੋਲ ਕੀਤਾ ਅਤੇ 80 ਲੱਖ ਲੋਕਾਂ 'ਤੇ ਰਾਜ ਕੀਤਾ। ਹਾਲਾਂਕਿ, ਸੰਗਠਨ ਦਾ ਖੇਤਰੀ ਰਾਜ 2019 ਵਿੱਚ ਢਹਿ ਗਿਆ ਅਤੇ ਇਸਦੇ ਨੇਤਾ ਗੁਰੀਲਾ ਰਣਨੀਤੀਆਂ ਵੱਲ ਮੁੜ ਗਏ।