ਵਾਸ਼ਿੰਗਟਨ: ਅਮਰੀਕਾ ਨੇ ਰੂਸ ਦੇ ਕੁਲੀਨ ਵਰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੀਆਂ ਪਾਬੰਦੀਆਂ ਲਗਾਈਆਂ ਹਨ। ਨਵੀਆਂ ਪਾਬੰਦੀਆਂ ਦੇ ਘੇਰੇ ਵਿੱਚ ਆਉਣ ਵਾਲਿਆਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਕਥਿਤ ਗਰਲਫ੍ਰੈਂਡ ਵੀ ਸ਼ਾਮਲ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਸਾਬਕਾ ਓਲੰਪਿਕ ਜਿਮਨਾਸਟ ਅਤੇ ਸਟੇਟ ਡੂਮਾ (ਰੂਸੀ ਸੰਸਦ ਦੇ ਹੇਠਲੇ ਸਦਨ) ਦੀ ਸਾਬਕਾ ਮੈਂਬਰ ਅਲੀਨਾ ਕਾਬਾਏਵਾ ਦਾ ਵੀਜ਼ਾ ਫ੍ਰੀਜ਼ ਕਰ ਦਿੱਤਾ ਹੈ ਅਤੇ ਉਸ ਦੀਆਂ ਜਾਇਦਾਦਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਵਿਭਾਗ ਨੇ ਕਿਹਾ ਕਿ ਕਾਬਾਏਵਾ ਰੂਸੀ ਮੀਡੀਆ ਕੰਪਨੀ ਦਾ ਮੁਖੀ ਵੀ ਹੈ ਜੋ ਯੂਕਰੇਨ 'ਤੇ ਰੂਸੀ ਹਮਲੇ ਦਾ ਸਮਰਥਨ ਕਰਦੀ ਹੈ। ਪੁਤਿਨ ਦੇ ਜੇਲ੍ਹ ਵਿੱਚ ਬੰਦ ਆਲੋਚਕ ਅਲੈਕਸੀ ਨਾਵਲਨੀ ਲੰਬੇ ਸਮੇਂ ਤੋਂ ਕਾਬਾਏਵਾ ਦੇ ਖ਼ਿਲਾਫ਼ ਪਾਬੰਦੀਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਬਾਏਵਾ ਦੀ ਮੀਡੀਆ ਕੰਪਨੀ ਨੇ ਯੂਕਰੇਨ 'ਤੇ ਰੂਸੀ ਹਮਲੇ ਬਾਰੇ ਪੱਛਮੀ ਟਿੱਪਣੀਆਂ ਨੂੰ ਪ੍ਰਚਾਰ ਮੁਹਿੰਮ ਵਜੋਂ ਪੇਸ਼ ਕਰਨ ਦੀ ਅਗਵਾਈ ਕੀਤੀ ਹੈ।