ਪਾਲੇਖੋਰੀ (ਗ੍ਰੀਸ) : ਉੱਤਰੀ ਗ੍ਰੀਸ ਦੇ ਕਵਾਲਾ ਸ਼ਹਿਰ ਨੇੜੇ ਸ਼ਨੀਵਾਰ ਨੂੰ ਯੂਕਰੇਨ ਦੀ ਏਅਰਲਾਈਨ ਦਾ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਦੇ ਦੋ ਘੰਟੇ ਬਾਅਦ ਸਥਾਨਕ ਲੋਕਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਗ੍ਰੀਕ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਰਬੀਆ ਤੋਂ ਜਾਰਡਨ ਜਾ ਰਿਹਾ ਸੀ। ਸੋਵੀਅਤ ਸੰਘ ਦੁਆਰਾ ਬਣਾਇਆ ਗਿਆ ਇਹ ਟਰਬੋਪ੍ਰੌਪ ਏਅਰਕ੍ਰਾਫਟ ਮੈਰੀਡੀਅਨ ਕੰਪਨੀ ਦੁਆਰਾ ਚਲਾਇਆ ਜਾਂਦਾ ਸੀ।
ਗ੍ਰੀਕ ਮੀਡੀਆ ਨੇ ਕਿਹਾ ਕਿ ਜਹਾਜ਼ ਵਿੱਚ ਅੱਠ ਲੋਕ ਸਵਾਰ ਸਨ ਅਤੇ ਇਸ ਵਿੱਚ 12 ਟਨ "ਖਤਰਨਾਕ ਸਮੱਗਰੀ" ਸੀ, ਜਿਆਦਾਤਰ ਵਿਸਫੋਟਕ। ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਸੀ ਕਿ ਜਹਾਜ਼ ਵਿੱਚ ਕੀ ਸੀ। ਹਾਦਸੇ ਵਾਲੀ ਥਾਂ ਤੋਂ ਨਿਕਲ ਰਹੀ ਤੇਜ਼ ਬਦਬੂ ਕਾਰਨ ਸਾਵਧਾਨੀ ਦੇ ਤੌਰ 'ਤੇ ਦੋ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਰਾਤ ਭਰ ਆਪਣੀਆਂ ਖਿੜਕੀਆਂ ਬੰਦ ਰੱਖਣ, ਘਰੋਂ ਬਾਹਰ ਨਾ ਨਿਕਲਣ ਅਤੇ ਮਾਸਕ ਪਹਿਨਣ ਲਈ ਕਿਹਾ ਗਿਆ ਹੈ।