ਸਿਓਲ: ਜਾਪਾਨੀ ਅਤੇ ਦੱਖਣੀ ਕੋਰੀਆ ਦੀਆਂ ਫ਼ੌਜਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਨੇ ਉਸ ਦੇ ਪੂਰਬੀ ਸਮੁੰਦਰ ਵਿੱਚ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਹ ਹਮਲਾ ਅਮਰੀਕਾ ਦੀ ਪਰਮਾਣੂ ਹਥਿਆਰਾਂ ਨਾਲ ਲੈਸ ਬੈਲਿਸਟਿਕ ਮਿਜ਼ਾਈਲ ਪਣਡੁੱਬੀ ਦੇ ਦੱਖਣੀ ਕੋਰੀਆ ਦੀ ਬੰਦਰਗਾਹ 'ਤੇ ਪਹੁੰਚਣ ਤੋਂ ਕੁਝ ਘੰਟੇ ਬਾਅਦ ਹੋਇਆ ਹੈ। ਦੱਸ ਦੇਈਏ ਕਿ ਚਾਰ ਦਹਾਕਿਆਂ 'ਚ ਪਹਿਲੀ ਵਾਰ ਕੋਈ ਅਮਰੀਕੀ ਪਣਡੁੱਬੀ ਦੱਖਣੀ ਕੋਰੀਆ ਦੀ ਬੰਦਰਗਾਹ 'ਤੇ ਪਹੁੰਚੀ ਹੈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬੁੱਧਵਾਰ ਸਵੇਰੇ ਲਾਂਚ ਕੀਤੀਆਂ ਗਈਆਂ ਦੋਵੇਂ ਮਿਜ਼ਾਈਲਾਂ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਡਿੱਗੀਆਂ।
ਜੁਆਇੰਟ ਚੀਫ਼ ਆਫ਼ ਸਟਾਫ ਵੱਲੋਂ ਇਸ ਲਾਂਚ ਦੀ ਨਿੰਦਾ :ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ (ਜੇਸੀਐਸ) ਨੇ ਉੱਤਰੀ ਕੋਰੀਆ ਨੂੰ ਅਜਿਹੇ ਲਾਂਚਾਂ ਨੂੰ ਰੋਕਣ ਲਈ ਕਿਹਾ ਹੈ। ਜੇਸੀਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਉੱਤਰੀ ਕੋਰੀਆ ਦੇ ਲਗਾਤਾਰ ਬੈਲਿਸਟਿਕ ਮਿਜ਼ਾਈਲ ਲਾਂਚ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਗੰਭੀਰ ਭੜਕਾਊ ਕਾਰਵਾਈਆਂ ਹਨ, ਜੋ ਕੋਰੀਆਈ ਪ੍ਰਾਇਦੀਪ ਦੇ ਨਾਲ-ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਯਾਦ ਦਿਵਾਇਆ ਕਿ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਸਪੱਸ਼ਟ ਉਲੰਘਣਾ ਹੈ।
ਜਾਪਾਨ ਦੇ ਰੱਖਿਆ ਮੰਤਰੀ ਯਾਸੁਕਾਜ਼ੂ ਹਮਾਦਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਮਿਜ਼ਾਈਲ 50 ਕਿਲੋਮੀਟਰ (31 ਮੀਲ) ਦੀ ਉਚਾਈ 'ਤੇ ਪਹੁੰਚੀ ਅਤੇ 550 ਕਿਲੋਮੀਟਰ (341 ਮੀਲ) ਦੀ ਦੂਰੀ ਤੈਅ ਕੀਤੀ। ਦੂਜੀ ਮਿਜ਼ਾਈਲ 50 ਕਿਲੋਮੀਟਰ ਦੀ ਉਚਾਈ 'ਤੇ ਪਹੁੰਚੀ ਅਤੇ 600 ਕਿਲੋਮੀਟਰ (372 ਮੀਲ) ਤੱਕ ਉਡਾਣ ਭਰੀ। ਉਨ੍ਹਾਂ ਕਿਹਾ ਕਿ ਜਾਪਾਨ ਨੇ ਡਿਪਲੋਮੈਟਿਕ ਚੈਨਲਾਂ ਰਾਹੀਂ ਮਿਜ਼ਾਈਲ ਲਾਂਚ ਕਰਨ ਦਾ ਵਿਰੋਧ ਦਰਜ ਕਰਵਾਇਆ ਹੈ।
ਪਿਓਂਗਯਾਂਗ ਦੀ ਪ੍ਰੀਖਣ ਤੋਂ ਬਾਅਦ ਸਖਤ ਪ੍ਰਤੀਕਿਰਿਆ :ਇਹ ਲਾਂਚ ਉੱਤਰੀ ਕੋਰੀਆ ਵੱਲੋਂ ਆਪਣੀ ਬੈਲਿਸਟਿਕ ਮਿਜ਼ਾਈਲ ਹਵਾਸੋਂਗ-18 ਦੇ ਪ੍ਰੀਖਣ ਦੇ ਲਗਭਗ ਇੱਕ ਹਫ਼ਤੇ ਬਾਅਦ ਹੋਇਆ ਹੈ, ਜਿਸ ਤੋਂ ਬਾਅਦ ਪਿਓਂਗਯਾਂਗ ਨੇ ਪ੍ਰੀਖਣ ਤੋਂ ਬਾਅਦ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਅਮਰੀਕਾ ਅਤੇ ਹੋਰ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ। ਦੱਖਣੀ ਕੋਰੀਆ ਦੀ ਇਕ ਮੀਡੀਆ ਏਜੰਸੀ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਜ਼ਾਈਲ ਲਾਂਚ ਸਿਓਲ ਅਤੇ ਵਾਸ਼ਿੰਗਟਨ ਦੇ ਪ੍ਰਮਾਣੂ ਸਲਾਹਕਾਰ ਸਮੂਹ (ਐਨਸੀਜੀ) ਦੀ ਪਹਿਲੀ ਮੀਟਿੰਗ ਤੋਂ ਬਾਅਦ ਕੀਤੀ ਗਈ। ਯੋਨਹਾਪ ਨੇ ਰਿਪੋਰਟ ਦਿੱਤੀ ਕਿ ਬੁਸਾਨ ਵਿੱਚ ਇੱਕ ਨੇਵਲ ਬੇਸ 'ਤੇ USS ਕੈਂਟਕੀ ਦੇ ਪਹੁੰਚਣ ਦੇ ਨਾਲ ਇੱਕ ਮੀਟਿੰਗ ਵੀ ਹੋਈ। ਅਮਰੀਕੀ ਫੌਜ ਨੇ ਕਿਹਾ ਕਿ ਉਹ ਬੁੱਧਵਾਰ ਸਵੇਰੇ ਮਿਜ਼ਾਈਲ ਲਾਂਚ ਹੋਣ ਤੋਂ ਜਾਣੂ ਸੀ।
ਯੂਐਸ ਇੰਡੋ-ਪੈਸੀਫਿਕ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਲਾਂਚਾਂ ਨਾਲ ਅਮਰੀਕਾ ਜਾਂ ਉਸਦੇ ਸਹਿਯੋਗੀਆਂ ਲਈ ਤੁਰੰਤ ਖ਼ਤਰਾ ਨਹੀਂ ਹੈ, ਪਰ ਇਹ ਘਟਨਾਵਾਂ ਉੱਤਰੀ ਕੋਰੀਆ ਦੇ ਗੈਰ-ਕਾਨੂੰਨੀ ਹਥਿਆਰਾਂ ਦੇ ਪ੍ਰੋਗਰਾਮ ਦੇ ਅਸਥਿਰ ਪ੍ਰਭਾਵਾਂ ਨੂੰ ਉਜਾਗਰ ਕਰਦੀਆਂ ਹਨ। ਮੰਗਲਵਾਰ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਇੱਕ ਅਮਰੀਕੀ ਸੈਨਿਕ ਅੰਤਰ-ਕੋਰੀਆਈ ਸਰਹੱਦ ਪਾਰ ਕਰਕੇ ਉੱਤਰੀ ਕੋਰੀਆ ਵਿੱਚ ਭੱਜ ਗਿਆ। ਵਾਸ਼ਿੰਗਟਨ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਉਕਤ ਫੌਜੀ ਉੱਤਰੀ ਕੋਰੀਆ ਦੀ ਹਿਰਾਸਤ ਵਿੱਚ ਹੈ, ਜਿਸ ਨਾਲ ਦੋ ਦੁਸ਼ਮਣ ਦੇਸ਼ਾਂ ਵਿਚਕਾਰ ਇੱਕ ਨਵਾਂ ਸੰਕਟ ਪੈਦਾ ਹੋ ਗਿਆ ਹੈ।