ਬੀਜਿੰਗ:ਚੀਨ ਦੀ ਤਿੱਬਤ ਏਅਰਲਾਈਨਜ਼ ਦੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦੀ ਮੌਤ ਨਹੀਂ ਹੋਈ। ਦੇਸ਼ ਦੇ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਵੀਰਵਾਰ ਨੂੰ ਇੱਕ A319 ਯਾਤਰੀ ਜਹਾਜ਼ ਰਨਵੇਅ ਤੋਂ ਡਿੱਗ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਤਿੱਬਤ ਏਅਰਲਾਈਨਜ਼ ਨੇ ਕਿਹਾ ਕਿ ਤਿੱਬਤ ਆਟੋਨੋਮਸ ਖੇਤਰ ਵਿੱਚ ਚੋਂਗਕਿੰਗ ਤੋਂ ਨਿੰਗਚੀ ਜਾਣ ਵਾਲੀ ਫਲਾਈਟ ਵਿੱਚ ਸਵਾਰ ਸਾਰੇ 113 ਯਾਤਰੀਆਂ ਅਤੇ ਅਮਲੇ ਦੇ ਨੌਂ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ (ਸੀਜੀਟੀਐਨ) ਨੇ ਦੱਸਿਆ ਕਿ ਮਾਮੂਲੀ ਸੱਟਾਂ ਵਾਲੇ 40 ਤੋਂ ਵੱਧ ਲੋਕ ਹਸਪਤਾਲ ਵਿੱਚ ਭਰਤੀ ਹਨ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਦੁਆਰਾ ਪੋਸਟ ਕੀਤੀ ਗਈ ਵੀਡੀਓ ਫੁਟੇਜ ਵਿੱਚ ਚੋਂਗਕਿੰਗ ਜਿਆਂਗਬੇਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਦਾ ਦਿਖਾਈ ਦਿੱਤਾ।