ਚੰਡੀਗੜ੍ਹ: ਇਸ ਸਮੇਂ ਪੂਰੀ ਦੁਨੀਆਂ ਦੀ ਨਜ਼ਰ ਭਾਰਤ ਅਤੇ ਕੈਨੇਡਾ ਵਿਚਕਾਰ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ (Khalistani Hardeep Singh Nijjar) ਦੇ ਕਤਲ ਮਾਮਲੇ ਨੂੰ ਲੈਕੇ ਜੋ ਤਲਖੀ ਚੱਲ ਰਹੀ ਉਸ ਉੱਤੇ ਬਣੀ ਹੋਈ ਹੈ। ਦੱਸ ਦਈਏ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਭਾਵੇਂ ਇੱਕ ਦੂਜੇ ਨਾਲ ਵਧੀਆ ਰਹੇ ਨੇ, ਪਰ ਇਨ੍ਹਾਂ ਰਿਸ਼ਤਿਆਂ ਵਿੱਚ ਦਰਾਰ ਦਾ ਕਾਰਣ ਖਾਲਿਸਤਾਨ ਦੇ ਹਮਾਇਤੀ ਲਗਾਤਾਰ ਬਣਦੇ ਆ ਰਹੇ ਹਨ ਜੋ ਕੈਨੇਡਾ ਨੂੰ ਆਪਣੀ ਪਨਾਗਾਹ ਬਣਾ ਕੇ ਸਦੀਆਂ ਤੋਂ ਉੱਥੇ ਰਹਿ ਰਹੇ ਹਨ।
ਟਰੂਡੋ ਦੇ ਪਿਤਾ ਦਾ ਇੰਦਰਾ ਗਾਂਧੀ ਨਾਲ ਟਕਰਾਅ:ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਥੇ ਖਾਲਿਸਤਾਨੀਆਂ ਦੀ ਹਮਾਇਤ ਵਿੱਚ (Pierre Trudeau in support of the Khalistanis) ਅੱਜ ਭਾਰਤ ਨਾਲ ਵਿਵਾਦ ਪੈਦਾ ਕਰ ਰਹੇ ਹਨ, ਉੱਥੇ ਹੀ ਇਸ ਤੋਂ ਪਹਿਲਾਂ 1980 ਦੇ ਦਹਾਕੇ ਵਿੱਚ ਵੀ ਜਸਟਿਨ ਟਰੂਡੋ ਦੇ ਪਿਤਾਪਿਅਰੇ ਟਰੂਡੋ ਖਾਲਿਸਤਾਨੀਆਂ ਦੀ ਹਿਮਾਇਤ ਵਿੱਚ ਭਾਰਤ ਦੀ ਤਤਕਾਲੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟਕਰਾਅ ਕਰ ਚੁੱਕੇ ਹਨ। ਦੱਸ ਦਈਏ ਇਸ ਟਕਰਾਅ ਦਾ ਕਾਰਣ ਉਸ ਸਮੇਂ ਵੀ ਖਾਲਿਸਤਾਨੀ ਸਮਰਥਕ ਸਨ,ਜਿਨ੍ਹਾਂ ਨੂੰ ਬਚਾਉਣ ਲਈ ਤਤਕਾਲੀ ਕੈਨੇਡਾ ਦੇ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਨੇ ਸਟੈਂਡ ਲਿਆ ਸੀ।
ਇਹ ਸੀ ਮਾਮਲਾ:1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਦੋ ਪੁਲਿਸ ਅਫਸਰਾਂ ਦੇ ਕਤਲ ਮਾਮਲੇ ਵਿੱਚ ਕੈਨੇਡਾ ਭੱਜੇ ਖਾਲਿਸਤਾਨੀ ਸਮਰਥਕ ਤਲਵਿੰਦਰ ਸਿੰਘ ਪਰਮਾਰ (Khalistani supporter Talwinder Singh Parmar) ਦਾ ਨਾਂ ਸਾਹਮਣੇ ਆਇਆ। ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਸਨ, ਜੋ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਸਨ। ਤਤਕਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿਅਰੇ ਟਰੂਡੋ ਨੂੰ ਖਾਲਿਸਤਾਨੀ ਤਲਵਿੰਦਰ ਨੂੰ ਭਾਰਤ ਹਵਾਲੇ ਕਰਨ ਲਈ ਕਿਹਾ ਸੀ, ਪਰ ਪਿਅਰੇ ਟਰੂਡੋ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ 'ਤੇ ਇੰਦਰਾ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਇਸ ਮਾਮਲੇ ਤੋਂ ਕੁੱਝ ਸਾਲ ਮਗਰੋਂ ਕਨਿਸ਼ਕ ਏਅਰ ਬਲਾਸਟ ਵਾਪਰਿਆ ਜਿਸ ਵਿੱਚ ਸੈਂਕੜੇ ਭਾਰਤੀ ਮੂਲ ਦੇ ਕੈਨੇਡੀਅਨਾਂ ਦੀ ਜਾਨ ਗਈ। ਮੀਡੀਆ ਰਿਪੋਰਟਾਂ ਮੁਤਬਿਕ ਇਸ ਹਮਲੇ ਦਾ ਮਾਸਟਰਮਾਈਂਡ ਭਾਰਤ ਤੋਂ ਭਗੋੜਾ ਖਾਲਿਸਤਾਨੀ ਤਲਵਿੰਦਰ ਸਿੰਘ ਹੀ ਸੀ।
ਕੈਨੇਡਾ ਦਾ ਖਾਲਿਸਤਾਨ ਪ੍ਰੇਮ: ਸਾਲ 1983 ਵਿੱਚ ਜਰਮਨ ਪੁਲਿਸ ਨੇ ਪੰਜਾਬ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਕਤਲ ਦੇ ਮਾਮਲੇ ਵਿੱਚ ਤਲਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਲਗਭਗ ਇੱਕ ਸਾਲ ਦੇ ਅੰਦਰ ਤਲਵਿੰਦਰ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਕੈਨੇਡਾ ਵਾਪਸ ਆ ਗਿਆ। ਕੈਨੇਡਾ ਨੇ ਮੁੜ ਤੋਂ ਖਾਲਿਸਤਾਨੀ ਤਲਵਿੰਦਰ ਨੂੰ ਆਪਣੇ ਮੁਲਕ ਵਿੱਚ ਪਨਾਹ ਦਿੱਤੀ। ਤਲਵਿੰਦਰ ਨੂੰ ਭਾਰਤ ਹਵਾਲੇ ਨਾ ਕਰਨ 'ਤੇ ਕੈਨੇਡਾ 'ਚ ਪਿਅਰੇ ਟਰੂਡੋ ਦੀ ਕਾਫੀ ਆਲੋਚਨਾ ਹੋਈ ਸੀ। ਤਲਵਿੰਦਰ ਨੂੰ ਕੈਨੇਡੀਅਨ ਪੁਲਿਸ ਨੇ ਫੜ ਲਿਆ ਸੀ, ਪਰ ਕੁਝ ਦਿਨਾਂ ਵਿੱਚ ਹੀ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਹੋਰ ਵੀ ਕਈ ਵਾਕੇ ਹੋਏ ਜਿਨ੍ਹਾਂ ਵਿੱਚੋਂ ਕੈਨੇਡਾ ਦੇ ਖਾਲਿਸਤਾਨ ਪ੍ਰੇਮ ਦੀ ਝਲਕ ਵੇਖੀ ਗਈ।