ਇਸਲਾਮਾਬਾਦ,ਪਾਕਿਸਤਾਨ:ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੇ ਵਕੀਲਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਵਿੱਚ ਚੋਣਾਂ ਕਰਵਾਉਣ ਦੇ ਮਾਮਲੇ 'ਤੇ ਹੀ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਗਠਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੇਅਰਮੈਨ ਇਮਰਾਨ ਖਾਨ, ਸੱਤਾ ਗੁਆਉਣ ਦੇ ਬਾਅਦ ਤੋਂ ਹੀ ਜਲਦੀ ਚੋਣਾਂ ਦੀ ਮੰਗ ਕਰ ਰਹੇ ਹਨ। ਉਹ ਪਿਛਲੇ ਸਾਲ ਅਪ੍ਰੈਲ 'ਚ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤਾ ਹਾਰ ਗਏ ਸਨ।
ਚੋਣਾਂ ਬਾਰੇ ਚਰਚਾ: ਬਾਅਦ ਵਿੱਚ ਇਮਰਾਨ ਖਾਨ ਨੇ ਚੋਣਾਂ ਦੀ ਮੰਗ ਨੂੰ ਲੈ ਕੇ 'ਹਕੀਕੀ ਅਜ਼ਾਦੀ' ਦੇ ਨਾਅਰੇ ਹੇਠ ਇੱਕ ਤਿੱਖੀ ਮੁਹਿੰਮ ਚਲਾਈ ਅਤੇ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸ਼ਾਹਬਾਜ਼ ਸ਼ਰੀਫ ਦੀ ਤਤਕਾਲੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੀ ਅਟਕ ਜੇਲ੍ਹ ਵਿੱਚ ਖਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਨ੍ਹਾਂ ਦੇ ਵਕੀਲ ਗੌਹਰ ਖਾਨ ਸੋਸ਼ਲ ਮੀਡੀਆ ਪਲੇਟਫਾਰਮ x 'ਤੇ ਪੋਸਟ ਕੀਤਾ ਕਿ 'ਪੀਟੀਆਈ ਮੁਖੀ ਹਰ ਕਿਸੇ ਨਾਲ ਚੋਣਾਂ ਬਾਰੇ ਚਰਚਾ ਕਰਨ ਲਈ ਕਾਹਲੇ ਹਨ।'