ਨਵੀਂ ਦਿੱਲੀ: ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੋਂ ਪਹਿਲੀ ਵਾਰ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ITEC) ਦੇ ਤਹਿਤ ਆਯੋਜਿਤ ਆਨਲਾਈਨ ਸਿਖਲਾਈ ਕੋਰਸ 'ਚ ਹਿੱਸਾ ਲੈਣ ਦੀ ਉਮੀਦ ਹੈ। ਕੋਰਸ ਤਿੰਨ ਦਿਨਾਂ ਦਾ ਹੈ। ਜੋ ਕਿ 14 ਤੋਂ 17 ਮਾਰਚ ਦਰਮਿਆਨ ਮੁਕੰਮਲ ਹੋਵੇਗਾ। ITEC ਵਿਦੇਸ਼ ਮੰਤਰਾਲੇ ਦਾ ਪ੍ਰਮੁੱਖ ਸਰੋਤ ਕੇਂਦਰ ਹੈ। ਹਾਲਾਂਕਿ, ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਬੁਲ ਵਿੱਚ ਤਾਲਿਬਾਨ ਸਰਕਾਰ ਪ੍ਰਤੀ ਨਵੀਂ ਦਿੱਲੀ ਦੀ ਨੀਤੀ ਵਿੱਚ ਬਦਲਾਅ ਨੂੰ ਦਰਸਾਉਂਦਾ ਨਹੀਂ ਹੈ।
ਵਰਤਮਾਨ ਵਿੱਚ ਭਾਰਤ ਸਰਕਾਰ ਦੀ ਕਾਬੁਲ ਵਿੱਚ ਅਧਿਕਾਰਤ ਕੂਟਨੀਤਕ ਮੌਜੂਦਗੀ ਨਹੀਂ ਹੈ। ਪਰ ਜੁਲਾਈ 2022 ਵਿੱਚ ਭਾਰਤ ਨੇ ਇੱਕ ਤਕਨੀਕੀ ਮਿਸ਼ਨ ਵਜੋਂ ਕਾਬੁਲ ਵਿੱਚ ਆਪਣਾ ਦੂਤਾਵਾਸ ਦੁਬਾਰਾ ਖੋਲ੍ਹਿਆ। ਨਵੀਂ ਦਿੱਲੀ ਵਿੱਚ ਮੌਜੂਦਾ ਦੂਤਾਵਾਸ ਅਫਗਾਨ ਅਧਿਕਾਰੀਆਂ ਦੁਆਰਾ ਚਲਾਇਆ ਜਾਂਦਾ ਹੈ ਜੋ ਸਾਬਕਾ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਸਨ। ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਕਥਿਤ ਤੌਰ 'ਤੇ ਲੀਕ ਹੋਏ ਪੱਤਰ ਦੇ ਅਨੁਸਾਰ ਅੱਜ ਤੋਂ ਸ਼ੁਰੂ ਹੋ ਰਹੇ ਚਾਰ ਦਿਨਾਂ ਦਾ ਕੋਰਸ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐਮ) ਕੋਝੀਕੋਡ ਦੁਆਰਾ ਕਰਵਾਇਆ ਜਾ ਰਿਹਾ ਹੈ।
ਭਾਰਤ ਸਰਕਾਰ ਨੇ ਅਫਗਾਨ ਡਿਪਲੋਮੈਟਾਂ ਨੂੰ ਦਿੱਤੀ ਸਿਖਲਾਈ:ਭਾਰਤ ਸਰਕਾਰ ਨੇ ਅਫਗਾਨ ਡਿਪਲੋਮੈਟਾਂ ਨੂੰ ਸਿਖਲਾਈ ਦਿੱਤੀ ਹੈ ਜਦੋਂ ਕਾਬੁਲ ਵਿੱਚ ਲੋਕਤੰਤਰੀ ਸਰਕਾਰ ਸੱਤਾ ਵਿੱਚ ਸੀ। 2010 ਦੇ ਸ਼ੁਰੂ ਵਿੱਚ ਭਾਰਤ ਸਰਕਾਰ ਅਫਗਾਨ ਸਿਵਲ ਸੇਵਕਾਂ ਲਈ 600 ਤੋਂ ਵੱਧ ਸਲਾਨਾ ITEC ਸਿਖਲਾਈ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਸੀ। ਬਾਅਦ ਵਿੱਚ 2018 ਵਿੱਚ ਭਾਰਤ ਅਤੇ ਚੀਨ ਨੇ ਸਾਂਝੇ ਤੌਰ 'ਤੇ 10 ਅਫਗਾਨ ਡਿਪਲੋਮੈਟਾਂ ਨੂੰ ਸਿਖਲਾਈ ਦਿੱਤੀ। ਫਰਵਰੀ 2022 ਵਿੱਚ ITEC ਨੇ ਭਾਰਤ ਵਿੱਚ ਫਸੇ 80 ਅਫਗਾਨ ਫੌਜੀ ਕੈਡਿਟਾਂ ਨੂੰ ਇੱਕ ਸਾਲ ਦੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਦੀ ਪੇਸ਼ਕਸ਼ ਕਰਕੇ ਰਾਹਤ ਪ੍ਰਦਾਨ ਕੀਤੀ। ਇਹ ਕੈਡਿਟ ਪਿਛਲੀ ਜਮਹੂਰੀ ਸਰਕਾਰ ਦਾ ਹਿੱਸਾ ਸਨ।