ਬੰਗਲਾਦੇਸ਼: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਰਾਜਸ਼ਾਹੀ ਸ਼ਹਿਰ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਰਾਜਸ਼ਾਹੀ ਯੂਨੀਵਰਸਿਟੀ (ਆਰਯੂ) ਦੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਵਿੱਚ ਘੱਟੋ-ਘੱਟ 200 ਲੋਕ ਜ਼ਖ਼ਮੀ ਹੋ ਗਏ। ਝੜਪ ਦੌਰਾਨ ਪੁਲਿਸ ਬਾਕਸ ਸਮੇਤ ਘੱਟੋ-ਘੱਟ 25 ਤੋਂ 30 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਅਤੇ ਸੋਮਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਅਤੇ ਯੂਨੀਵਰਸਿਟੀ ਦੀਆਂ ਕਲਾਸਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਯੂਨੀਵਰਸਿਟੀ ਦੇ ਵਿਦਿਆਰਥੀ ਦੀ ਸ਼ਾਮ ਕਰੀਬ 6 ਵਜੇ ਬੱਸ ਵਿੱਚ ਬੈਠਣ ਦੇ ਪ੍ਰਬੰਧ ਨੂੰ ਲੈ ਕੇ ਬੱਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਸੋਸ਼ਲ ਵਰਕ ਵਿਭਾਗ ਦਾ ਵਿਦਿਆਰਥੀ ਆਕਾਸ਼ ਸ਼ਨੀਵਾਰ ਸ਼ਾਮ ਬੋਗੂੜਾ ਤੋਂ ਬੱਸ ਰਾਹੀਂ ਰਾਜਸ਼ਾਹੀ ਆਇਆ ਸੀ। ਬੱਸ ਵਿੱਚ ਬੈਠਣ ਨੂੰ ਲੈ ਕੇ ਬੱਸ ਦੇ ਡਰਾਈਵਰ ਅਤੇ ਸੁਪਰਵਾਈਜ਼ਰ ਨਾਲ ਉਸ ਦੀ ਬਹਿਸ ਹੋ ਗਈ। ਇਸ ਦੌਰਾਨ ਯੂਨੀਵਰਸਿਟੀ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਬੱਸ ਅਸਿਸਟੈਂਟ ਅਤੇ ਆਕਾਸ਼ ਦਾ ਫਿਰ ਝਗੜਾ ਹੋ ਗਿਆ।