ਮਾਸਕੋ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਸਕੋ ਨੇ ਪ੍ਰਮਾਣੂ ਹਥਿਆਰਾਂ ਦਾ ਆਪਣਾ ਪਹਿਲਾ ਜੱਥਾ ਬੇਲਾਰੂਸ ਭੇਜਿਆ ਹੈ। ਇਹ ਜਾਣਕਾਰੀ ਨਿਜੀ ਨਿਊਜ਼ ਏਜੰਸੀ ਨੇ ਦਿੱਤੀ ਹੈ। ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਬਾਕੀ ਬਚੇ ਪਰਮਾਣੂ ਹਥਿਆਰ ਗਰਮੀਆਂ ਦੇ ਅੰਤ ਤੱਕ ਪਹੁੰਚਾਏ ਜਾਣੇ ਚਾਹੀਦੇ ਹਨ। ਰੂਸ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ ਵਿੱਚ ਰਣਨੀਤਕ ਪ੍ਰਮਾਣੂ ਬੰਬ ਤਾਇਨਾਤ ਕਰਨ ਦੀ ਯੋਜਨਾ ਦੇ ਨਾਲ ਅੱਗੇ ਵਧ ਰਿਹਾ ਹੈ। ਬੇਲਾਰੂਸ ਦੀ ਸਰਹੱਦ ਪੋਲੈਂਡ ਨਾਲ ਲੱਗਦੀ ਹੈ।
ਜੰਗ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪੁਤਿਨ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਰੂਸ ਉੱਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ। ਰੂਸੀ ਰਾਸ਼ਟਰਪਤੀ ਪੁਤਿਨ ਦੇ ਦਾਅਵਿਆਂ ਦੀ ਪੁਸ਼ਟੀ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਨੇ ਕੀਤੀ ਹੈ। ਉਸ ਨੇ ਕਿਹਾ ਹੈ ਕਿ ਬੇਲਾਰੂਸ ਨੂੰ ਰੂਸ ਤੋਂ ਬੰਬਾਂ ਅਤੇ ਮਿਜ਼ਾਈਲਾਂ ਦੀ ਪਹਿਲੀ ਖੇਪ ਮਿਲੀ ਹੈ।ਇੱਕ ਨਿਜੀ ਨਿਊਜ਼ ਏਜੰਸੀ ਮੁਤਾਬਕ ਲੂਕਾਸ਼ੈਂਕੋ ਨੇ ਰੂਸੀ ਅਤੇ ਬੇਲਾਰੂਸ ਦੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਸਾਡੇ ਕੋਲ ਮਿਜ਼ਾਈਲਾਂ ਅਤੇ ਬੰਬ ਹਨ, ਜੋ ਸਾਨੂੰ ਰੂਸ ਤੋਂ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਬੰਬ ਅਮਰੀਕਾ ਵੱਲੋਂ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਸੁੱਟੇ ਗਏ ਬੰਬਾਂ ਤੋਂ ਤਿੰਨ ਗੁਣਾ ਜ਼ਿਆਦਾ ਤਾਕਤਵਰ ਹਨ।