ਲੰਦਨ (ਯੂ.ਕੇ.): ਬ੍ਰਿਟੇਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ। ਉਸਨੇ ਯੂਕੇ ਦੀ ਏਕਤਾ ਅਤੇ ਯੂਕਰੇਨ ਦੇ ਲੋਕਾਂ ਲਈ ਸਮਰਥਨ ਦਾ ਪ੍ਰਗਟਾਵਾ ਕੀਤਾ। ਸੁਨਕ ਨੇ ਗੱਲਬਾਤ ਤੋਂ ਬਾਅਦ ਟਵੀਟ ਕੀਤਾ ਕਿ ਅੱਜ ਸ਼ਾਮ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਗੱਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਅਤੇ ਯੂਕਰੇਨ ਦੇ ਲੋਕ ਬ੍ਰਿਟੇਨ ਦੀ ਨਿਰੰਤਰ ਏਕਤਾ ਅਤੇ ਸਮਰਥਨ 'ਤੇ ਭਰੋਸਾ ਕਰ ਸਕਦੇ ਹਨ। ਅਸੀਂ ਹਮੇਸ਼ਾ ਯੂਕਰੇਨ ਦੇ ਨਾਲ ਖੜੇ ਰਹਾਂਗੇ।
ਇਸ ਤੋਂ ਪਹਿਲਾਂ, ਸੁਨਕ ਦੀ ਨਿਯੁਕਤੀ ਤੋਂ ਬਾਅਦ ਰੂਸ ਅਤੇ ਬ੍ਰਿਟੇਨ ਦੇ ਚੰਗੇ ਸਬੰਧਾਂ ਦੀਆਂ ਸੰਭਾਵਨਾਵਾਂ ਦੇ ਜਵਾਬ ਵਿੱਚ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਨਹੀਂ, ਮੌਜੂਦਾ ਸਮੇਂ ਅਤੇ ਨੇੜਲੇ ਭਵਿੱਖ ਵਿੱਚ ਵੀ ਸਾਨੂੰ ਕੁਝ ਸਕਾਰਾਤਮਕ ਤਬਦੀਲੀਆਂ ਦਾ ਕੋਈ ਆਧਾਰ ਜਾਂ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰਿਸ਼ੀ ਸੁਨਕ ਨੇ ਯੂਕਰੇਨ ਦੇ ਸੁਤੰਤਰਤਾ ਦਿਵਸ 'ਤੇ ਇਕ ਪੱਤਰ ਲਿਖ ਕੇ ਰੂਸੀ 'ਹਮਲੇ' ਦੇ ਸਾਮ੍ਹਣੇ ਅਡੋਲ ਦਲੇਰੀ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਦੇਸ਼ 'ਚ ਜੰਗ ਜਾਰੀ ਰਹਿਣ 'ਤੇ ਯੂਨਾਈਟਿਡ ਕਿੰਗਡਮ ਦੇ ਲੋਕਾਂ ਦੇ ਸਮਰਥਨ ਦਾ ਵਾਅਦਾ ਕੀਤਾ ਸੀ।
ਕੀਵ ਪੋਸਟ ਵਿੱਚ ਪ੍ਰਕਾਸ਼ਿਤ ਇੱਕ ਪੱਤਰ ਵਿੱਚ, ਰਿਸ਼ੀ ਨੇ ਕਿਹਾ ਸੀ ਕਿ ਉਹ ਜੀਵਨ ਭਰ ਦਾ ਦੋਸਤ ਬਣੇਗਾ ਅਤੇ ਯੂਕਰੇਨ ਨੂੰ ਇੱਕ ਖੁਸ਼ਹਾਲ, ਉਤਸ਼ਾਹੀ ਅਤੇ ਅਗਾਂਹਵਧੂ ਦੇਸ਼ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਲਿਖਿਆ ਕਿ ਹਮਲੇ ਦਾ ਸਾਹਮਣਾ ਕਰਨ ਲਈ ਤੁਹਾਡੀ ਦ੍ਰਿੜ ਹਿੰਮਤ ਨੇ ਦੁਨੀਆ ਭਰ ਦੇ ਸ਼ਾਂਤੀਪੂਰਨ ਅਤੇ ਆਜ਼ਾਦੀ ਪਸੰਦ ਲੋਕਾਂ ਨੂੰ ਉਮੀਦ ਦਿੱਤੀ ਹੈ ਅਤੇ ਤਾਨਾਸ਼ਾਹ ਲੋਕਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਜੋ ਵੀ ਬਦਲਾਅ ਆਵੇ, ਅਸੀਂ ਬ੍ਰਿਟਿਸ਼ ਲੋਕ ਹਮੇਸ਼ਾ ਤੁਹਾਡੇ ਸਭ ਤੋਂ ਮਜ਼ਬੂਤ ਸਹਿਯੋਗੀ ਰਹਾਂਗੇ।