ਤੇਲ ਅਵੀਵ:ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੱਜੇ ਪੱਖੀ ਸਰਕਾਰ ਨੇ ਨਿਆਂਪਾਲਿਕਾ ਨੂੰ ਸੁਧਾਰਨ ਦੀ ਆਪਣੀ ਯੋਜਨਾ ਨੂੰ ਅੱਗੇ ਵਧਾਇਆ ਹੈ। ਅਜਿਹੇ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਤੇਲ ਅਵੀਵ ਅਤੇ ਹੋਰ ਇਜ਼ਰਾਇਲੀ ਸ਼ਹਿਰਾਂ ਦੀਆਂ ਸੜਕਾਂ 'ਤੇ ਰੈਲੀ ਕੱਢੀ। ਰੈਲੀ ਵਿੱਚ ਸ਼ਾਮਲ ਲੋਕਾਂ ਨੇ ਆਉਂਣ ਵਾਲੇ ਦਿਨਾਂ ਵਿੱਚ ਵੀ ਇਹ ਧਰਨਾ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ। ਅਲ ਜਜ਼ੀਰਾ ਮੁਤਾਬਕ ਇਜ਼ਰਾਈਲ 'ਚ ਨੇਤਨਯਾਹੂ ਦੀ ਯੋਜਨਾ ਦਾ ਵਿਰੋਧ ਲਗਾਤਾਰ 28 ਹਫਤਿਆਂ ਤੋਂ ਚੱਲ ਰਿਹਾ ਹੈ। ਇਜ਼ਰਾਈਲ ਸਰਕਾਰ ਵੱਲੋਂ ਇੱਕ ਵੱਡੇ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਪ੍ਰਦਰਸ਼ਨ ਸ਼ੁਰੂ ਹੋਏ। ਇਸ ਬਿੱਲ ਰਾਹੀਂ ਸਰਕਾਰ ਨੂੰ ਨਿਆਂਪਾਲਿਕਾ ਦੇ ਫੈਸਲਿਆਂ ਨੂੰ ਰੱਦ ਕਰਨ ਦਾ ਅਧਿਕਾਰ ਮਿਲ ਜਾਵੇਗਾ। ਇਸ ਦੇ ਨਾਲ ਹੀ ਜੱਜਾਂ ਦੀ ਨਿਯੁਕਤੀ ਵਿੱਚ ਵੀ ਸਰਕਾਰ ਦੀ ਵੱਡੀ ਭੂਮਿਕਾ ਹੋਵੇਗੀ। ਬਿੱਲ ਨੂੰ ਕਾਨੂੰਨ ਬਣਨ ਤੋਂ ਪਹਿਲਾਂ ਅਜੇ ਵੀ ਦੋ ਹੋਰ ਵੋਟਾਂ ਤੋਂ ਮਨਜ਼ੂਰੀ ਦੀ ਲੋੜ ਹੈ, ਜਿਸ ਦੀ ਮਹੀਨੇ ਦੇ ਅੰਤ ਤੱਕ ਉਮੀਦ ਹੈ।
ਲਾਲ ਕੱਪੜਿਆਂ ਵਿੱਚ ਔਰਤਾਂ ਨੇ ਕੀਤਾ ਪ੍ਰਦਰਸ਼ਨ : ਤੇਲ ਅਵੀਵ ਵਿੱਚ ਪ੍ਰਦਰਸ਼ਨਕਾਰੀਆਂ ਨੇ 'SOS' ਲਿਖਿਆ ਇੱਕ ਵੱਡਾ ਬੈਨਰ ਲਗਾਇਆ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਪੇਂਟ ਲਈ ਵਰਤੇ ਜਾਂਦੇ ਗੁਲਾਬੀ ਅਤੇ ਸੰਤਰੀ ਰੰਗ ਦੇ ਪਾਊਡਰ ਨੂੰ ਅਸਮਾਨ ਵਿੱਚ ਸੁੱਟ ਦਿੱਤਾ।ਔਰਤਾਂ ਵੱਲੋਂ ਟੀਵੀ ਸ਼ੋਅ 'ਦ ਹੈਂਡਮੇਡਜ਼ ਟੇਲ' ਦੇ ਪਾਤਰਾਂ ਦੀ ਯਾਦ ਦਿਵਾਉਂਦੇ ਹੋਏ,ਲਾਲ ਕੱਪੜੇ ਪਹਿਨੇ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਝ ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਜੇਕਰ ਕਾਨੂੰਨੀ ਢਾਂਚੇ ਨੂੰ ਬਦਲਣ ਵਾਲਾ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਔਰਤਾਂ ਤੋਂ ਉਨ੍ਹਾਂ ਦੇ ਅਧਿਕਾਰ ਖੋਹੇ ਜਾ ਸਕਦੇ ਹਨ। 54 ਸਾਲਾ ਪ੍ਰਦਰਸ਼ਨਕਾਰੀ ਨੀਲੀ ਐਲੇਜ਼ਰਾ ਨੇ ਮੀਡੀਆ ਨੂੰ ਕਿਹਾ ਕਿ ਇਹ ਦੇਸ਼ ਲਈ ਲੜਾਈ ਹੈ, ਅਸੀਂ ਇਜ਼ਰਾਈਲ ਨੂੰ ਲੋਕਤੰਤਰੀ ਰੱਖਣਾ ਚਾਹੁੰਦੇ ਹਾਂ। ਇੱਥੇ ਤਾਨਾਸ਼ਾਹੀ ਕਾਨੂੰਨਾਂ ਨੂੰ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਪਾਸ ਕਰਨ ਨਾਲ ਇਜ਼ਰਾਈਲ ਦੇ ਵਿੱਤੀ ਅਤੇ ਵਿਸ਼ਵ ਪੱਧਰ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਪਾਸ ਹੋ ਗਿਆ ਤਾਂ ਹਾਲਾਤ ਹੋਰ ਵਿਗੜ ਜਾਣਗੇ।