ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਭਾਰਤ ਦੌਰੇ ਨੂੰ ਲੈ ਕੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਬਾਈਡਨ ਵਿਸ਼ਵ ਪੱਧਰ 'ਤੇ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਵਜੋਂ ਜੀ-20 ਪ੍ਰਤੀ ਅਮਰੀਕੀ ਵਚਨਬੱਧਤਾ ਦੀ ਪੁਸ਼ਟੀ ਕਰਨਗੇ। ਇਸ ਦੇ ਨਾਲ ਹੀ ਉਹ ਰੂਸ-ਯੂਕਰੇਨ ਯੁੱਧ ਦੇ ਸਮਾਜਿਕ ਪ੍ਰਭਾਵਾਂ ਸਮੇਤ ਕਈ ਹੋਰ ਮੁੱਦਿਆਂ 'ਤੇ ਵੀ ਗੱਲ ਕਰਨਗੇ।
ਭਾਰਤ ਆਉਣਗੇ ਬਾਈਡਨ: ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ ਪੀਅਰੇ ਨੇ ਮੀਡੀਆ ਬ੍ਰੀਫਿੰਗ ਦੌਰਾਨ ਰਾਸ਼ਟਰਪਤੀ ਦੇ ਕਾਰਜਕ੍ਰਮ ਦਾ ਐਲਾਨ ਕੀਤਾ। ਇਸ ਦੌਰਾਨ ਪਿਅਰੇ ਨੇ ਕਿਹਾ ਕਿ ਬਾਈਡਨ ਨਵੀਂ ਦਿੱਲੀ 'ਚ ਜੀ-20 ਸੰਮੇਲਨ 'ਚ ਸ਼ਾਮਲ ਹੋਣ ਤੋਂ ਬਾਅਦ 10 ਸਤੰਬਰ ਨੂੰ ਹਨੋਈ ਅਤੇ ਵੀਅਤਨਾਮ ਦਾ ਦੌਰਾ ਵੀ ਕਰਨਗੇ। ਜੀ-20 'ਚ ਹਾਸਲ ਕੀਤੇ ਜਾਣ ਵਾਲੇ ਵੱਡੇ ਟੀਚਿਆਂ ਨਾਲ ਜੁੜੇ ਸਵਾਲ ਦੇ ਜਵਾਬ 'ਚ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਨੇ ਕਈ ਫੋਰਮਾਂ 'ਤੇ ਜੀ-20 ਪ੍ਰਤੀ ਅਮਰੀਕੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਬਾਈਡਨ ਆਲਮੀ ਮੁੱਦਿਆਂ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦੀ ਇੱਕ ਲੜੀ 'ਤੇ ਕੰਮ ਕਰਨਗੇ, ਸਾਫ਼ ਊਰਜਾ ਤਬਦੀਲੀ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਤੋਂ ਲੈ ਕੇ, ਰੂਸ-ਯੂਕਰੇਨ ਯੁੱਧ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਘਟਾਉਣ, ਬਹੁਪੱਖੀ ਵਿਕਾਸ ਦੀ ਸਮਰੱਥਾ ਨੂੰ ਵਧਾਉਣ ਸਬੰਧੀ ਚਰਚਾ ਕਰਨਗੇ। ਬਾਈਡਨ ਗਰੀਬੀ ਨਾਲ ਲੜਨ ਅਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਮਹੱਤਵਪੂਰਨ ਅੰਤਰਰਾਸ਼ਟਰੀ ਚੁਣੌਤੀਆਂ ਨੂੰ ਹੱਲ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕਰੇਗਾ।
ਭਾਰਤ ਕਰੇਗਾ ਜੀ-20 ਸੰਮੇਲਨ ਦੀ ਮੇਜ਼ਬਾਨੀ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਵੀਂ ਦਿੱਲੀ 'ਚ ਜੀ-20 ਨੇਤਾਵਾਂ ਦੇ ਸੰਮੇਲਨ 'ਚ ਹਿੱਸਾ ਲੈਣ ਲਈ ਸਤੰਬਰ 'ਚ ਚਾਰ ਦਿਨਾਂ ਦੇ ਦੌਰੇ 'ਤੇ ਭਾਰਤ ਆਉਣਗੇ। ਭਾਰਤ 9 ਅਤੇ 10 ਸਤੰਬਰ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ ਵਿੱਚ ਅਮਰੀਕਾ ਦਾ ਦੌਰਾ ਕੀਤਾ, ਜਿੱਥੇ ਬਾਈਡਨ ਨੇ ਕਿਹਾ ਕਿ ਉਹ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੀ ਉਡੀਕ ਕਰ ਰਹੇ ਹਨ।
ਵ੍ਹਾਈਟ ਹਾਊਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ 7 ਤੋਂ 10 ਸਤੰਬਰ ਤੱਕ ਭਾਰਤ ਦੀ ਯਾਤਰਾ ਕਰਨਗੇ। ਭਾਰਤ 1 ਦਸੰਬਰ, 2022 ਤੋਂ 30 ਨਵੰਬਰ, 2023 ਤੱਕ ਇੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਸਬੰਧ ਵਿੱਚ ਦੇਸ਼ ਭਰ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ। (ਏਐੱਨਆਈ)