ਟੋਕੀਓ (ਜਾਪਾਨ) : ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਭਾਸ਼ਣ ਤੋਂ ਪਹਿਲਾਂ ਬੰਬ ਸੁੱਟਿਆ ਗਿਆ। ਹਾਲਾਂਕਿ ਇਸ ਹਾਦਸੇ ਵਿਚ ਪ੍ਰਧਾਨ ਮੰਤਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਜਪਾਲ ਦੀ ਪੁਲਿਸ ਉਸ ਵਿਅਕਤੀ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਜਾਪਾਨੀ ਮੀਡੀਆ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਵਾਲੀ ਥਾਂ ਦੇ ਆਸਪਾਸ ਦੇ ਵਸਨੀਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ। ਪੁਲਸ ਨੇ ਕਿਮੁਰਾ ਰਿਆਜੀ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਖਬਰਾਂ ਮੁਤਾਬਕ ਕਿਮੁਰਾ ਰਿਆਜੀ ਹਯੋਗੋ ਪ੍ਰੀਫੈਕਚਰ ਦਾ ਰਹਿਣ ਵਾਲਾ 24 ਸਾਲਾ ਵਿਅਕਤੀ ਹੈ, ਜਿਸ ਨੂੰ ਸ਼ੱਕ ਦੇ ਆਧਾਰ ਉਤੇ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ।
ਵਾਕਾਯਾਮਾ ਪ੍ਰੀਫੈਕਚਰ ਵਿੱਚ ਇੱਕ ਬੰਦਰਗਾਹ ਦਾ ਦੌਰਾ ਕਰਨ ਆਏ ਸੀ ਪ੍ਰਧਾਨ ਮੰਤਰੀ :ਸ਼ੱਕੀ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਉਹ ਆਪਣੇ ਵਕੀਲਾਂ ਦੀ ਮੌਜੂਦਗੀ ਵਿੱਚ ਹੀ ਕੋਈ ਜਵਾਬ ਦੇਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਉਣ ਵਾਲੇ ਹੇਠਲੇ ਸਦਨ ਉਪ-ਚੋਣਾਂ ਵਿੱਚ ਇੱਕ ਸੀਟ ਲਈ ਇੱਕ ਉਮੀਦਵਾਰ ਦਾ ਸਮਰਥਨ ਕਰਨ ਲਈ ਵਾਕਾਯਾਮਾ ਪ੍ਰੀਫੈਕਚਰ ਵਿੱਚ ਇੱਕ ਬੰਦਰਗਾਹ ਦਾ ਦੌਰਾ ਕਰ ਰਹੇ ਸਨ। ਜਿਵੇਂ ਹੀ ਕਿਸ਼ੀਦਾ ਆਪਣਾ ਭਾਸ਼ਣ ਸ਼ੁਰੂ ਕਰਨ ਹੀ ਵਾਲਾ ਸੀ, ਭੀੜ ਵਿੱਚ ਇੱਕ ਸਿਲੰਡਰ ਵਾਲੀ ਚੀਜ਼ ਸੁੱਟ ਦਿੱਤੀ ਗਈ। ਜਾਪਾਨੀ ਪ੍ਰਧਾਨ ਮੰਤਰੀ ਨੂੰ ਤੁਰੰਤ ਮੌਕੇ ਤੋਂ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਮੁਤਾਬਕ ਇੱਕ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।