ਨਵੀਂ ਦਿੱਲੀ: ਜੀ-7 ਸ਼ਿਖਰ ਸੰਮੇਲਨ ਦੋਰਾਨ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ਼ ਦੇ ਬਿਆਰਿਟਜ਼ ਵਿੱਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟਾਨੀਉ ਗੁਟਾਰਿਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵਿਚਕਾਰ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ ਗਈ।
G-7 ਸੰਮੇਲਨ 'ਚ PM ਮੋਦੀ ਨੇ ਕੀਤੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ
ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀ ਯਾਤਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਫਰਾਂਸ ਪਹੁੰਚੇ। ਇਸ ਦੋਰਾਨ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਰਿਟਜ਼ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਗੁਟਾਰਿਸ ਨਾਲ ਮੁਲਾਕਾਤ ਕੀਤੀ। ਇਸ ਦੌਰਾਣ ਵਿਸ਼ਵ ਪੱਧਰੀ ਮੁੱਦਿਆਂ, ਵਾਤਾਵਰਣ, ਜਲਵਾਯੂ ਐਕਸ਼ਨ ਸਮਿਟ ਵਿੱਚ ਭਾਰਤ ਦੀ ਭਾਗੀਦਾਰੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਦੋਹਾਂ ਨੇਤਾਵਾਂ ਦਰਮਿਆਨ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਫੈਸਲੇ 'ਤੇ ਵੀ ਗੱਲਬਾਤ ਕੀਤੀ ਗਈ। ਦੱਸ ਦਈਏ ਕਿ ਮੋਦੀ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀ ਯਾਤਰਾ ਕਰਨ ਤੋਂ ਬਾਅਦ ਇਥੇ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਮੋਦੀ ਅਤੇ ਗੁਟਾਰਿਸ ਦੀ ਇਸ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਮੁੱਖੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ।