ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਉਹ ਨੈਸ਼ਨਲ ਅਸੈਂਬਲੀ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਲਈ ਬੁੱਧਵਾਰ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੂੰ ਪੱਤਰ ਲਿਖਣਗੇ। ਉਨ੍ਹਾਂ ਦੇ ਇਸ ਕਦਮ ਦਾ ਮਕਸਦ ਸਾਲ ਦੇ ਅੰਤ 'ਚ ਪ੍ਰਸਤਾਵਿਤ ਆਮ ਚੋਣਾਂ ਲਈ ਵਾਧੂ ਸਮਾਂ ਲੈਣਾ ਹੈ। ਇਸਲਾਮਾਬਾਦ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਕਿਹਾ, 'ਭਲਕੇ ਆਪਣੀ ਸਰਕਾਰ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਮੈਂ ਰਾਸ਼ਟਰਪਤੀ ਨੂੰ ਵਿਧਾਨ ਸਭਾ ਭੰਗ ਕਰਨ ਲਈ ਪੱਤਰ ਲਿਖਾਂਗਾ ਅਤੇ ਇਸ ਦੀ ਸਿਫਾਰਿਸ਼ ਕਰਾਂਗਾ। ਇਸ ਤੋਂ ਬਾਅਦ ਅੰਤਰਿਮ ਸਰਕਾਰ ਸੱਤਾ ਸੰਭਾਲੇਗੀ।'
ਹੇਠਲੀ ਸਦਨ ਦੇ ਪੰਜ ਸਾਲ ਪੂਰੇ: ਸੰਸਦ ਦੇ ਹੇਠਲੇ ਸਦਨ ਦਾ ਪੰਜ ਸਾਲ ਦਾ ਕਾਰਜਕਾਲ 12 ਅਗਸਤ ਨੂੰ ਖਤਮ ਹੋ ਰਿਹਾ ਹੈ। ਰਾਸ਼ਟਰਪਤੀ ਅਲਵੀ ਵੱਲੋਂ ਪ੍ਰਧਾਨ ਮੰਤਰੀ ਦੀ ਸਲਾਹ ਨਾ ਮੰਨਣ ਦੀ ਸੂਰਤ ਵਿੱਚ ਵਿਧਾਨ ਸਭਾ ਆਪਣੇ ਆਪ (ਸਲਾਹ ਦੇਣ ਦੇ) 48 ਘੰਟਿਆਂ ਅੰਦਰ ਭੰਗ ਹੋ ਜਾਵੇਗੀ। ਅਲਵੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਲੀਡਰ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਖਬਰ ਮੁਤਾਬਕ ਸ਼ਾਹਬਾਜ਼ ਨੇ ਮੰਗਲਵਾਰ ਨੂੰ ਰਾਵਲਪਿੰਡੀ ਸਥਿਤ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਦਾ ਦੌਰਾ ਕਰਕੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਸੰਕੇਤ ਦਿੱਤਾ। ਥਲ ਸੈਨਾ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਲਈ ਤਿੰਨ ਨਾਵਾਂ 'ਤੇ ਸਮਝੋਤਾ: ਇਸ ਦੌਰਾਨ 'ਡਾਨ' ਅਖਬਾਰ ਦੀ ਖਬਰ ਮੁਤਾਬਕ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਲੀਡਰ ਰਾਜਾ ਰਿਆਜ਼ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕੇਅਰਟੇਕਰ ਪ੍ਰਧਾਨ ਮੰਤਰੀ ਦੇ ਨਾਵਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਜਾਂ ਸਲਾਹ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੀ ਮੀਟਿੰਗ ਦੀ ਉਡੀਕ ਕਰ ਰਿਹਾ ਹਾਂ ਜਿਸ ਵਿੱਚ ਇਨ੍ਹਾਂ ਗੱਲਾਂ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਲਾਹ-ਮਸ਼ਵਰਾ ਸਹੀ ਸਮੇਂ 'ਤੇ ਹੋਵੇਗਾ। ਰਿਆਜ਼ ਨੇ ਕਿਹਾ ਕਿ ਉਨ੍ਹਾਂ ਨੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਕਾਰਜਕਾਰੀ ਪ੍ਰਧਾਨ ਮੰਤਰੀ ਲਈ ਤਿੰਨ ਨਾਵਾਂ 'ਤੇ ਲਗਭਗ 90 ਫੀਸਦੀ ਸਮਝੌਤਾ ਹੋ ਗਿਆ ਹੈ।