ਕਰਾਚੀ:ਪਾਕਿਸਤਾਨੀ ਪੁਲਿਸ ਨੇ ਕਰਾਚੀ ਪੁਲਿਸ ਮੁਖੀ ਦੇ ਦਫ਼ਤਰ ਹਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਪਾਕਿਸਤਾਨ ਦੇ ਮੀਡੀਆ ਪੋਰਟਲ ਡਾਨ ਦੀ ਰਿਪੋਰਟ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਹੈ। ਸਿੰਧ ਪੁਲਿਸ ਦੇ ਇੰਸਪੈਕਟਰ ਜਨਰਲ ਗੁਲਾਮ ਨਬੀ ਮੇਮਨ ਦੇ ਦਫ਼ਤਰ ਤੋਂ ਜਾਰੀ ਹੁਕਮਾਂ ਅਨੁਸਾਰ ਕਮੇਟੀ ਵਿੱਚ ਸਿੰਧ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀਪੀ) ਜ਼ੁਲਫ਼ਕਾਰ ਅਲੀ ਲਾਰਿਕ ਨੂੰ ਇਸ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਇਸ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਕਰਾਚੀ ਦੱਖਣੀ ਜ਼ੋਨ ਦੇ ਡੀਆਈਜੀਪੀ ਇਰਫ਼ਾਨ ਅਲੀ ਬਲੋਚ, ਅਪਰਾਧ ਜਾਂਚ ਏਜੰਸੀ ਡੀਆਈਜੀਪੀ ਮੁਹੰਮਦ ਕਰੀਮ ਖ਼ਾਨ, ਕਰਾਚੀ ਸੀਟੀਡੀ ਆਪਰੇਸ਼ਨ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਤਾਰਿਕ ਨਵਾਜ਼ ਅਤੇ ਕਰਾਚੀ ਸੀਟੀਡੀ ਜਾਂਚ ਇੰਚਾਰਜ ਰਾਜਾ ਉਮਰ ਖ਼ਿਤਾਬ ਦਾ ਵੀ ਕਮੇਟੀ ਵਿੱਚ ਨਾਂ ਹੈ।
ਹਮਲੇ ਦੇ ਪੀੜਤਾਂ ਨਾਲ ਮੁਲਾਕਾਤ:ਯਾਦ ਰਹੇ ਕਿ ਕਰਾਚੀ ਪੁਲਿਸ ਦੇ ਦਫ਼ਤਰ 'ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਗਿਆ ਸੀ ਅਤੇ ਸ਼ਾਮ 7:10 ਵਜੇ ਇਸ ਦਫਤਰ ਨੂੰ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਹੋਇਆ ਸੀ, ਜਦੋਂਕਿ ਪੁਲਿਸ ਅਤੇ ਰੇਂਜਰਾਂ ਨੇ ਸਿਲਸਲੇਵਾਰ ਤਰੀਕੇ ਨਾਲ ਪੰਜ ਮੰਜ਼ਿਲਾ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਅਤੇ ਇਹ ਕੰਮ ਲਗਭਗ 10:46 ਵਜੇ ਤੱਕ ਪੂਰਾ ਕੀਤਾ ਗਿਆ। ਇਸ ਦੌਰਾਨ, ਥਲ ਸੈਨਾ ਦੇ ਮੁਖੀ (ਸੀਓਏਐਸ) ਜਨਰਲ ਆਸਿਮ ਮੁਨੀਰ ਨੇ ਸ਼ਨੀਵਾਰ ਨੂੰ ਕਰਾਚੀ ਦੇ ਪੁਲਿਸ ਮੁਖੀ ਦੇ ਦਫਤਰ 'ਤੇ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਕਿਹਾ ਕਿ ਪੁਲਿਸ ਇਸ ਹਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅੱਤਵਾਦ ਵਲੋਂ ਦਿੱਤੀ ਚੁਣੌਤੀ 'ਤੇ ਕਾਬੂ ਪਾਉਣ ਲਈ ਜ਼ਰੂਰੀ ਕੰਮ ਕੀਤਾ ਜਾ ਰਿਹਾ ਹੈ।