ਇਸਲਾਮਾਬਾਦ: ਜਿਵੇਂ-ਜਿਵੇਂ ਪਾਕਿਸਤਾਨ ਵਿੱਚ ਸਿਆਸੀ ਅਤੇ ਆਰਥਿਕ ਸਥਿਤੀ ਵਿਗੜਦੀ ਜਾ ਰਹੀ ਹੈ, ਰਾਜ ਵਿੱਚ ਪੱਤਰਕਾਰਾਂ 'ਤੇ ਹਮਲੇ ਵੀ ਵਧਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਇਸਲਾਮਾਬਾਦ ਦੀ ਇੱਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਪੱਤਰਕਾਰ ਮੁਹੰਮਦ ਖਾਲਿਦ ਜਮੀਲ ਨੂੰ ਦੋ ਦਿਨਾਂ ਲਈ ਸੰਘੀ ਜਾਂਚ ਏਜੰਸੀ (ਐਫਆਈਏ) ਦੀ ਹਿਰਾਸਤ ਵਿੱਚ ਭੇਜ ਦਿੱਤਾ। ਜਮੀਲ 'ਤੇ ਦੇਸ਼ਧ੍ਰੋਹ ਅਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ।
ਭੜਕਾਈ ਖ਼ਬਰ ਦਾ ਲਾਇਆ ਇਲਜ਼ਾਮ: ਪਾਕਿਸਤਾਨੀ ਅਖਬਾਰ ਮੁਤਾਬਕ ਇਹ ਘਟਨਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਖਾਲਿਦ ਜਮੀਲ ਨੂੰ ਗ੍ਰਿਫਤਾਰ ਕੀਤਾ ਗਿਆ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਮੁਤਾਬਕ ਖਾਲਿਦ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪਾਕਿਸਤਾਨੀ ਸਰਕਾਰ ਅਤੇ ਉਸ ਦੀਆਂ ਸੰਸਥਾਵਾਂ ਬਾਰੇ ਲੋਕਾਂ ਨੂੰ ਭੜਕਾਉਂਦਾ ਸੀ। ਐਫਆਈਏ ਨੇ ਜਮੀਲ 'ਤੇ ਭੜਕਾਊ ਖ਼ਬਰ ਫੈਲਾਉਣ ਦਾ ਦੋਸ਼ ਲਾਇਆ ਹੈ। ਐਫਆਈਏ ਨੇ ਕਿਹਾ ਕਿ ਦੋਸ਼ੀ ਸੋਸ਼ਲ ਮੀਡੀਆ/ਟਵਿੱਟਰ (ਹੁਣ X) 'ਤੇ ਬਹੁਤ ਜ਼ਿਆਦਾ ਧਮਕੀ ਭਰੀ ਸਮੱਗਰੀ/ਟਵੀਟਸ ਨੂੰ ਸਾਂਝਾ ਅਤੇ ਪ੍ਰਚਾਰ ਕਰਦਾ ਪਾਇਆ ਗਿਆ ਸੀ।
ਦੋ ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਦਾ ਹੋ ਸਕਦੈ ਜੁਰਮਾਨਾ:ਜਾਣਕਾਰੀ ਮੁਤਾਬਕ ਜਮੀਲ ਖਿਲਾਫ ਇਲੈਕਟ੍ਰਾਨਿਕ ਕ੍ਰਾਈਮਜ਼ ਐਕਟ (PECA) ਦੀ ਧਾਰਾ 20 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਧਾਰਾ ਦੇ ਤਹਿਤ, ਐਫਆਈਏ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਜੋ ਜਾਣਬੁੱਝ ਕੇ ਜਨਤਕ ਤੌਰ 'ਤੇ ਕੋਈ ਵੀ ਅਜਿਹੀ ਜਾਣਕਾਰੀ ਪ੍ਰਦਰਸ਼ਿਤ ਜਾਂ ਪ੍ਰਸਾਰਿਤ ਕਰਦਾ ਹੈ ਜਿਸ ਨੂੰ ਉਹ ਝੂਠਾ ਜਾਣਦਾ ਹੈ ਅਤੇ ਜਿਸ ਨਾਲ ਦੇਸ਼ ਦੀ ਸਾਖ ਨੂੰ ਨੁਕਸਾਨ ਹੁੰਦਾ ਹੈ। ਰਿਪੋਰਟ ਮੁਤਾਬਕ ਇਸ ਧਾਰਾ ਤਹਿਤ ਦੋ ਸਾਲ ਤੱਕ ਦੀ ਕੈਦ ਜਾਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਹੈ।