ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਸ਼ਾਂਤ ਕਬਾਇਲੀ ਜ਼ਿਲ੍ਹੇ 'ਚ ਇਕ ਕੱਟੜਪੰਥੀ ਇਸਲਾਮਿਕ ਸਿਆਸੀ ਪਾਰਟੀ ਦੇ ਇਕ ਸੰਮੇਲਨ 'ਚ ਐਤਵਾਰ ਨੂੰ ਹੋਏ ਇਕ ਆਤਮਘਾਤੀ ਧਮਾਰੇ ਵਿੱਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 100 ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਸ਼ਾਮ 4 ਵਜੇ ਬਜੌਰ ਕਬਾਇਲੀ ਜ਼ਿਲ੍ਹੇ ਦੇ ਖਾਰ ਵਿਖੇ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇਯੂਆਈ-ਐਫ) ਦੇ ਵਰਕਰ ਸੰਮੇਲਨ ਦੌਰਾਨ ਹੋਇਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਧਮਾਕੇ 'ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 100 ਲੋਕ ਜ਼ਖਮੀ ਹੋ ਗਏ।
ਕਾਨਫਰੰਸ ਵਿੱਚ 500 ਤੋਂ ਵਧ ਲੋਕ ਸਨ ਮੌਜੂਦ :ਬਾਜੌਰ ਖੇਤਰ ਦੇ ਜ਼ਿਲ੍ਹਾ ਐਮਰਜੈਂਸੀ ਅਧਿਕਾਰੀ ਸਾਦ ਖਾਨ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿੱਚ ਸਥਾਨਕ ਜੇਯੂਆਈ-ਐਫ ਆਗੂ ਮੌਲਾਨਾ ਜ਼ਿਆਉੱਲਾ ਵੀ ਮਾਰਿਆ ਗਿਆ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਟੈਲੀਵਿਜ਼ਨ ਫੁਟੇਜ 'ਚ ਧਮਾਕੇ ਤੋਂ ਬਾਅਦ ਲੋਕ ਘਬਰਾ ਕੇ ਭੱਜਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਐਂਬੂਲੈਂਸਾਂ ਵੀ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਲਈ ਮੌਕੇ 'ਤੇ ਪਹੁੰਚਦੀਆਂ ਦੇਖੀਆਂ ਗਈਆਂ। ਧਮਾਕੇ ਦੇ ਸਮੇਂ ਕਾਨਫਰੰਸ ਵਾਲੀ ਥਾਂ 'ਤੇ 500 ਤੋਂ ਵੱਧ ਲੋਕ ਮੌਜੂਦ ਸਨ।
ਅੱਤਵਾਦੀਆਂ ਨੇ ਪਵਿੱਤਰ ਕੁਰਾਨ ਅਤੇ ਪਾਕਿਸਤਾਨ ਦੇ ਪੈਰੋਕਾਰਾਂ ਨੂੰ ਨਿਸ਼ਾਨਾ ਬਣਾਇਆ :ਪੁਲਿਸ ਦੇ ਡੀਆਈਜੀ (ਮਲਕੰਦ ਰੇਂਜ) ਨਾਸਿਰ ਮਹਿਮੂਦ ਸੱਤੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇੱਕ ਆਤਮਘਾਤੀ ਧਮਾਕਾ ਸੀ। ਉਨ੍ਹਾਂ ਕਿਹਾ ਕਿ ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਜੇਯੂਆਈ-ਐਫ ਕਾਨਫਰੰਸ ਵਿੱਚ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਇਸਲਾਮ, ਪਵਿੱਤਰ ਕੁਰਾਨ ਅਤੇ ਪਾਕਿਸਤਾਨ ਦੇ ਪੈਰੋਕਾਰਾਂ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, 'ਅੱਤਵਾਦੀ ਪਾਕਿਸਤਾਨ ਦੇ ਦੁਸ਼ਮਣ ਹਨ ਅਤੇ ਉਨ੍ਹਾਂ ਦਾ ਖਾਤਮਾ ਕੀਤਾ ਜਾਵੇਗਾ।'
ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਅਨਸਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਖੈਬਰ ਪਖਤੂਨਖਵਾ ਸਰਕਾਰ ਤੋਂ ਘਟਨਾ ਦੀ ਰਿਪੋਰਟ ਵੀ ਮੰਗੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਅਤੇ ਉਨ੍ਹਾਂ ਦਾ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ, 'ਅੱਤਵਾਦੀਆਂ ਦੀਆਂ ਕਾਇਰਤਾ ਭਰੀਆਂ ਹਰਕਤਾਂ ਸਾਡੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਦੀਆਂ।'
ਘਟਨਾ ਦੀ ਜਾਂਚ ਕਰਵਾਉਣ ਦੀ ਮੰਗ :ਜੇਯੂਆਈ-ਐੱਫ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਤੋਂ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹਸਪਤਾਲ ਪਹੁੰਚ ਕੇ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, "ਜੇਯੂਆਈ ਕਾਰਕੁਨਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਸੰਘੀ ਅਤੇ ਸੂਬਾਈ ਸਰਕਾਰਾਂ ਨੂੰ ਜ਼ਖ਼ਮੀਆਂ ਦਾ ਵਧੀਆ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ।" ਧਮਾਕੇ ਦੀ ਨਿੰਦਾ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਖਾਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਜੇਹਾਦ ਨਹੀਂ ਬਲਕਿ ਅੱਤਵਾਦ ਹੈ :ਜੇਯੂਆਈ-ਐੱਫ ਦੇ ਨੇਤਾ ਹਾਫਿਜ਼ ਹਮਦੁੱਲਾ ਨੇ ਕਿਹਾ ਕਿ ਉਹ ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਸਨ, ਪਰ ਕੁਝ ਨਿੱਜੀ ਵਚਨਬੱਧਤਾਵਾਂ ਕਾਰਨ ਨਹੀਂ ਜਾ ਸਕੇ। ਜੇਯੂਆਈ-ਐਫ ਦੇ ਨੇਤਾ ਨੇ ਕਿਹਾ, "ਮੈਂ ਧਮਾਕੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਇਸਦੇ ਪਿੱਛੇ ਵਾਲਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਹ ਜੇਹਾਦ ਨਹੀਂ ਬਲਕਿ ਅੱਤਵਾਦ ਹੈ।" ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਅਤੇ ਮੰਡੀ ’ਤੇ ਹਮਲਾ ਹੈ। ਹਮਦੁੱਲਾ ਨੇ ਮੰਗ ਕੀਤੀ ਕਿ ਧਮਾਕੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਯੂਆਈ-ਐਫ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, 'ਇਹ ਪਹਿਲਾਂ ਵੀ ਹੋ ਚੁੱਕਾ ਹੈ... ਸਾਡੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਸੀਂ ਇਸ ਬਾਰੇ ਸੰਸਦ ਵਿੱਚ ਆਵਾਜ਼ ਉਠਾਈ ਪਰ ਕੋਈ ਕਾਰਵਾਈ ਨਹੀਂ ਹੋਈ।
ਸਮਾਜ ਵਿੱਚ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਲਈ ਕੋਈ ਥਾਂ ਨਹੀਂ :ਹਮਦੁੱਲਾ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸੂਬਾ ਸਰਕਾਰ ਨੂੰ ਜ਼ਖਮੀਆਂ ਨੂੰ ਵਧੀਆ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ। ਸੂਬੇ ਦੇ ਕਾਰਜਕਾਰੀ ਸੂਚਨਾ ਮੰਤਰੀ ਜਮਾਲ ਫਿਰੋਜ਼ ਸ਼ਾਹ ਨੇ ਕਿਹਾ ਕਿ ਪੇਸ਼ਾਵਰ ਅਤੇ ਦਿਰ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਇਸ ਦੌਰਾਨ, ਇਸਲਾਮਾਬਾਦ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਹਿੰਸਾ ਦੇ ਇਸ ਘਿਨਾਉਣੇ ਕਾਰੇ ਦੀ ਸਖ਼ਤ ਨਿੰਦਾ ਕਰਦੇ ਹਾਂ ਜਿਸ ਦੇ ਨਤੀਜੇ ਵਜੋਂ ਬੇਕਸੂਰ ਜਾਨਾਂ ਗਈਆਂ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।" ਸ਼ਾਂਤਮਈ ਅਤੇ ਜਮਹੂਰੀ ਸਮਾਜ ਵਿੱਚ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ।