ਇਸਲਾਮਾਬਾਦ: ਪਾਕਿਸਤਾਨ 'ਚ ਸੋਮਵਾਰ ਨੂੰ ਭਿਆਨਕ ਹੜ੍ਹ (flood in Pakistan) ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1136 ਹੋ ਗਈ ਹੈ। ਦੇਸ਼ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shehbaz Sharif) ਦੀ ਅਗਵਾਈ ਵਾਲੀ ਸਰਕਾਰ ਦੀ ਅਪੀਲ ਤੋਂ ਬਾਅਦ ਅੰਤਰਰਾਸ਼ਟਰੀ ਸਹਾਇਤਾ ਆਉਣੀ ਸ਼ੁਰੂ ਹੋ ਗਈ ਹੈ। ਹੜ੍ਹਾਂ ਦੀ ਤੀਬਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 33 ਮਿਲੀਅਨ ਲੋਕ ਯਾਨੀ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ ਸੱਤ ਪ੍ਰਤੀਸ਼ਤ ਬੇਘਰ ਹੋ ਗਏ ਹਨ। ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਇਸ ਨੂੰ "ਦਹਾਕੇ ਦਾ ਸਭ ਤੋਂ ਖਰਾਬ ਮਾਨਸੂਨ" ਕਿਹਾ ਹੈ। ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਕਿਹਾ ਕਿ ਹੜ੍ਹਾਂ ਕਾਰਨ ਪਾਕਿਸਤਾਨ ਦੀ ਆਰਥਿਕਤਾ ਨੂੰ 10 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਾਲੀ ਮੁੱਖ ਰਾਸ਼ਟਰੀ ਸੰਸਥਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੁਆਰਾ ਸੋਮਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਹੜ੍ਹ ਕਾਰਨ ਘੱਟੋ-ਘੱਟ 1136 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,634 ਲੋਕ ਜ਼ਖਮੀ ਹੋਏ ਹਨ। ਅਥਾਰਟੀ ਨੇ ਕਿਹਾ ਕਿ ਲਗਭਗ 9,92,871 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ। ਲੱਖਾਂ ਲੋਕ ਭੋਜਨ ਅਤੇ ਪੀਣ ਵਾਲੇ ਸਾਫ਼ ਪਾਣੀ ਆਦਿ ਤੋਂ ਵਾਂਝੇ ਹੋ ਗਏ ਹਨ। ਇਸ ਦੇ ਨਾਲ ਹੀ ਕਰੀਬ 7.19 ਲੱਖ ਪਸ਼ੂ ਵੀ ਮਾਰੇ ਗਏ ਹਨ। ਲੱਖਾਂ ਏਕੜ ਉਪਜਾਊ ਜ਼ਮੀਨ ਅਜੇ ਵੀ ਪਾਣੀ ਵਿੱਚ ਡੁੱਬੀ ਹੋਈ ਹੈ।