ਇਸਲਾਮਾਬਾਦ: ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਖ਼ਿਲਾਫ਼ ਸਾਂਝੇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ’ਤੇ ਬਹਿਸ ਕਰਨ ਲਈ ਸੰਸਦ ਦੇ ਹੇਠਲੇ ਸਦਨ ਦੀ ਬੈਠਕ ਹੋਵੇਗੀ। ਸੱਤਾਧਾਰੀ ਗੱਠਜੋੜ ਤੋਂ ਦੋ ਮੁੱਖ ਸਹਿਯੋਗੀਆਂ ਦੇ ਹਟਣ ਤੋਂ ਬਾਅਦ ਇਮਰਾਨ ਸਰਕਾਰ ਨੇ ਬਹੁਮਤ ਗੁਆ ਦਿੱਤਾ ਹੈ। ਸਕੱਤਰੇਤ ਨੇ ਸੈਸ਼ਨ ਲਈ 24 ਸੂਤਰੀ ਏਜੰਡਾ ਵੀ ਜਾਰੀ ਕੀਤਾ, ਜਿਸ ਵਿੱਚ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਸ਼ਾਮਲ ਹੈ। ਪ੍ਰੋਗਰਾਮ ਮੁਤਾਬਿਕ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ 28 ਮਾਰਚ ਨੂੰ ਪੇਸ਼ ਕੀਤੇ ਗਏ ਬੇਭਰੋਸਗੀ ਮਤੇ 'ਤੇ ਬਹਿਸ ਸ਼ੁਰੂ ਕਰਨਗੇ। ਸ਼ਰੀਫ ਨੇ ਪਾਕਿਸਤਾਨੀ ਸੰਵਿਧਾਨ ਦੀ ਧਾਰਾ A-95 ਦੇ ਤਹਿਤ ਬੇਭਰੋਸਗੀ ਮਤਾ ਪੇਸ਼ ਕੀਤਾ ਅਤੇ ਇਸ 'ਤੇ 161 ਮੈਂਬਰਾਂ ਦੇ ਦਸਤਖ਼ਤ ਕੀਤੇ ਗਏ ਹਨ।
ਬੇਭਰੋਸਗੀ ਮਤੇ 'ਤੇ ਵੋਟਿੰਗ 3 ਅਪ੍ਰੈਲ ਨੂੰ ਹੋਣ ਦੀ ਉਮੀਦ ਹੈ, ਜਿਸ ਤੋਂ ਪਹਿਲਾਂ ਦੋਵੇਂ ਪੱਖ ਸੰਸਦ 'ਚ ਇਸ 'ਤੇ ਬਹਿਸ ਕਰਨਗੇ। ਇਮਰਾਨ ਸਰਕਾਰ ਦੇ ਦੋ ਮੁੱਖ ਸਹਿਯੋਗੀ-ਮੁਤਾਹਿਦਾ ਕੌਮੀ ਮੂਵਮੈਂਟ (ਐੱਮ.ਕਿਊ.ਐੱਮ.) ਅਤੇ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਨੇ ਵਿਰੋਧੀ ਮੋਰਚੇ 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਵਿਰੋਧੀ ਧਿਰ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਹਾਲਾਂਕਿ, ਇਮਰਾਨ 'ਤੇ ਅਸਤੀਫਾ ਦੇਣ ਲਈ ਵਧਦੇ ਦਬਾਅ ਦੇ ਵਿਚਕਾਰ, ਉਨ੍ਹਾਂ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ "ਆਖਰੀ ਓਵਰ ਦੀ ਆਖਰੀ ਗੇਂਦ" ਤੱਕ ਲੜਾਈ ਜਾਰੀ ਰੱਖਣਗੇ।
ਇਮਰਾਨ ਨੂੰ 342 ਮੈਂਬਰੀ ਹੇਠਲੇ ਸਦਨ ਵਿਚ ਆਪਣੀ ਸਰਕਾਰ ਨੂੰ ਡੇਗਣ ਦੀਆਂ ਵਿਰੋਧੀ ਧਿਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ 172 ਵੋਟਾਂ ਦੀ ਲੋੜ ਹੈ। ਹਾਲਾਂਕਿ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਕੋਲ 175 ਸੰਸਦ ਮੈਂਬਰਾਂ ਦਾ ਸਮਰਥਨ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।