ਇਸਲਾਮਾਬਾਦ: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਆਪਣੇ ਕਰੀਬੀ ਸਹਿਯੋਗੀ ਚੀਨ ਤੋਂ ਇਕ ਅਰਬ ਡਾਲਰ ਦੀ ਮਦਦ ਮਿਲੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਕਰਜ਼ਾ ਸਹਾਇਤਾ ਮਿਲਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਦੌਰ 'ਚ ਬਹੁਤ ਘੱਟ ਵਿਦੇਸ਼ੀ ਭੰਡਾਰ ਨਾਲ ਜੂਝ ਰਹੇ ਦੇਸ਼ ਨੂੰ ਇਸ ਮਦਦ ਨਾਲ ਕਾਫੀ ਰਾਹਤ ਮਿਲੇਗੀ। ਸਟੇਟ ਬੈਂਕ ਆਫ਼ ਪਾਕਿਸਤਾਨ (ਐਸਬੀਪੀ) ਨੇ ਸ਼ੁੱਕਰਵਾਰ ਰਾਤ ਨੂੰ ਇਸ ਬਾਰੇ ਕੋਈ ਹੋਰ ਵੇਰਵੇ ਸਾਂਝੇ ਕੀਤੇ ਬਿਨ੍ਹਾਂ ਚੀਨ ਤੋਂ ਰਕਮ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ। ਪਾਕਿਸਤਾਨ ਦਾ ਮੁਦਰਾ ਭੰਡਾਰ ਹਾਲ ਹੀ ਦੇ ਹਫ਼ਤਿਆਂ ਵਿੱਚ ਘੱਟ ਕੇ 3.9 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਇਸਹਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਨੇ 1.3 ਬਿਲੀਅਨ ਅਮਰੀਕੀ ਡਾਲਰ ਦੀ ਦੇਣਦਾਰੀ ਦੇ ਮੁਕਾਬਲੇ ਪਿਛਲੇ ਸੋਮਵਾਰ ਚੀਨ ਨੂੰ ਇਕ ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ ਅਤੇ ਉਮੀਦ ਹੈ ਕਿ ਇਹ ਰਕਮ ਵਾਪਸ ਕਰ ਦਿੱਤੀ ਜਾਵੇਗੀ।
ਰੱਖੀਆਂ ਕੁਝ ਸ਼ਰਤਾਂ: ਪਾਕਿਸਤਾਨ ਦੀ ਅਰਥਵਿਵਸਥਾ ਭੁਗਤਾਨਾਂ 'ਤੇ ਡਿਫਾਲਟ ਹੋਣ ਦੀ ਕਗਾਰ 'ਤੇ ਹੈ। ਆਈਐਮਐਫ ਨੇ 2019 ਵਿੱਚ ਉਸ ਨੂੰ 6.5 ਬਿਲੀਅਨ ਡਾਲਰ ਦੀ ਕਰਜ਼ਾ ਸਹਾਇਤਾ ਦੇਣ ਲਈ ਸਹਿਮਤੀ ਦਿੱਤੀ ਸੀ, ਪਰ ਇਸ ਵਿੱਚੋਂ ਉਸ ਨੂੰ 2.5 ਬਿਲੀਅਨ ਡਾਲਰ ਨਹੀਂ ਮਿਲੇ ਹਨ। IMF ਨੇ ਇਹ ਰਕਮ ਜਾਰੀ ਕਰਨ ਲਈ ਕੁਝ ਸ਼ਰਤਾਂ ਰੱਖੀਆਂ ਹਨ। ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਈਐਮਐਫ ਦੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਹੈ। IMF ਦਾ ਕਰਜ਼ਾ ਸਹਾਇਤਾ ਪ੍ਰੋਗਰਾਮ 30 ਜੂਨ ਨੂੰ ਪੂਰਾ ਹੋ ਰਿਹਾ ਹੈ। IMF ਤੋਂ ਮਦਦ ਨਾ ਮਿਲਣ 'ਤੇ ਪਾਕਿਸਤਾਨ ਆਪਣੀ ਅਰਥਵਿਵਸਥਾ ਨੂੰ ਬਚਾਉਣ ਦਾ ਬਦਲ ਲੱਭ ਰਿਹਾ ਹੈ। ਉਮੀਦ ਹੈ ਕਿ ਚੀਨ ਉਸ ਨੂੰ ਚਾਰ ਅਰਬ ਡਾਲਰ ਦਾ ਦੁਵੱਲਾ ਕਰਜ਼ਾ ਦੇਵੇਗਾ। ਇਸ ਤੋਂ ਪਹਿਲਾਂ ਵੀ ਚੀਨ ਵੱਲੋਂ ਪਾਕਿਸਤਾਨ ਨੂੰ ਮਦਦ ਦਿੱਤੀ ਜਾ ਚੁੱਕੀ ਹੈ।