ਟੋਕੀਓ: ਉੱਤਰੀ ਕੋਰੀਆ ਨੇ ਕੋਰੀਆਈ ਪ੍ਰਾਇਦੀਪ ਦੇ ਪੂਰਬੀ ਤੱਟ ਤੋਂ ਵੀਰਵਾਰ ਨੂੰ ਜਾਪਾਨ ਸਾਗਰ ਵੱਲ ਇੱਕ ਹੋਰ ਮਿਜ਼ਾਈਲ ਦਾਗੀ ਹੈ। ਇਸ ਗੱਲ ਦੀ ਜਾਣਕਾਰੀ ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦਿੱਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਇਸ ਮਹੱਤਵਪੂਰਨ ਸਮੇਂ ਵਿੱਚ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਟਵੀਟ ਕਰਕੇ ਕਿਹਾ ਕਿ ਉੱਤਰੀ ਕੋਰੀਆ ਦੀ ਮਿਜ਼ਾਈਲ ਜਾਪਾਨੀ ਖੇਤਰ ਵਿੱਚ ਨਹੀਂ ਡਿੱਗੀ ਹੈ।
ਜਾਪਾਨ ਸਰਕਾਰ ਨੇ ਕੀਤੀ ਚੇਤਾਵਨੀ ਜਾਰੀ:ਟਵਿੱਟਰ 'ਤੇ ਜਾਪਾਨ ਦੇ ਪੀਐਮਓ ਨੇ ਪੋਸਟ ਕੀਤਾ ਕਿ ਜਾਣਕਾਰੀ ਇਕੱਠੀ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜਨਤਾ, ਹਵਾਈ ਜਹਾਜ਼ਾਂ ਅਤੇ ਹੋਰ ਜਾਇਦਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਖ਼ਬਰ ਏਜੰਸੀ ਏਐਫਪੀ ਮੁਤਾਬਕ ਜਾਪਾਨ ਸਰਕਾਰ ਨੇ ਇਸ ਸਬੰਧੀ ਇੱਕ ਚੇਤਾਵਨੀ ਵੀ ਜਾਰੀ ਕੀਤੀ ਹੈ। ਚੇਤਾਵਨੀ ਵਿੱਚ ਜਾਪਾਨ ਸਰਕਾਰ ਨੇ ਹੋਕਾਈਡੋ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਤੋਂ ਨਿਕਲਕੇ ਤੁਰੰਤ ਹੀ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚ ਜਾਣ।
ਪ੍ਰਧਾਨ ਮੰਤਰੀ ਦਫ਼ਤਰ ਦੀ ਅਪੀਲ:ਮੀਡੀਆ ਰਿਪੋਰਟਾਂ ਮੁਤਾਬਕ ਕੋਰੀਆਈ ਮਿਜ਼ਾਈਲ ਨੂੰ ਸ਼ਾਇਦ ਜਾਪਾਨ ਦੇ ਜਲ ਖੇਤਰ 'ਚ ਛੱਡਿਆ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸਾਵਧਾਨੀ ਲਈ ਹਰ ਸੰਭਵ ਉਪਾਅ ਕਰਨ ਦੀ ਅਪੀਲ ਕੀਤੀ ਹੈ।