ਚੰਡੀਗੜ੍ਹ ਡੈਸਕ:ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਮੁੜ ਤੋਂ ਭਾਰਤ ਵਿਰੁੱਧ ਆਪਣੇ ਜ਼ਹਿਰੀਲੇ ਇਰਾਦੇ ਜ਼ਾਹਿਰ ਕਰਦਿਆਂ ਭਾਰਤੀ ਸਫਾਰਤਖਾਨੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਅੰਬੈਸੀ ਦਾ ਘਿਰਾਓ ਕੀਤਾ ਜਾਵੇਗਾ। ਹੁਣ ਇਸ ਸਾਰੀ ਕਾਰਵਾਈ ਤੋਂ ਬਾਅਦ ਜਿੱਥੇ ਅਮਰੀਕਾ-ਕੈਨੇਡਾ ਅਲਰਟ ਉੱਤੇ ਹੈ ਉੱਥੇ ਹੀ ਐੱਨਆਈਏ ਨੇ ਵੀ ਕਮਾਨ ਸੰਭਾਲ ਲਈ ਹੈ। ਫਰਾਂਸਿਸਕੋ ਸਮੇਤ ਕੈਨੇਡਾ ਅਤੇ ਯੂਕੇ ਵਿੱਚ ਭਾਰਤੀ ਸੰਸਥਾਵਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਜਾਂਚ ਐਨਆਈਏ ਵੱਲੋਂ:ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾਏਗੀ। ਇਸ ਲਈ ਜਲਦ ਹੀ ਐਨਆਈਏ ਦੀ ਟੀਮ ਅਮਰੀਕਾ ਜਾ ਸਕਦੀ ਹੈ। ਕੁਝ ਮਹੀਨੇ ਪਹਿਲਾਂ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਹੋਏ ਹਮਲੇ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਹੜੇ ਲੋਕ ਉਸ ਹਮਲੇ ਵਿੱਚ ਸ਼ਾਮਲ ਸਨ, ਉਹ 2 ਜੁਲਾਈ ਦੇ ਹਮਲੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐੱਨਆਈਏ ਦੀ ਜਾਂਚ ਮਗਰੋਂ ਮੁਲਜ਼ਮਾਂ ਉੱਤੇ ਸਖ਼ਤ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।