ਕਾਠਮੰਡੂ: ਨੇਪਾਲ 'ਚ ਸ਼ੁੱਕਰਵਾਰ ਦੇਰ ਰਾਤ 6.4 ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਕਾਰਨ ਘੱਟੋ-ਘੱਟ 128 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਨੇਪਾਲ ਦੇ ਪ੍ਰਧਾਨ ਮੰਤਰੀ (Prime Minister of Nepal) ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਦੇ ਉੱਤਰੀ ਸੂਬਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਭੂਚਾਲ ਕਾਰਨ ਨੇਪਾਲ ਦੇ ਕਈ ਜ਼ਿਲ੍ਹੇ ਤਬਾਹ ਹੋ ਗਏ। ਭੂਚਾਲ ਦੌਰਾਨ ਕਈ ਇਮਾਰਤਾਂ ਢਹਿ ਗਈਆਂ।
ਸ਼ਕਤੀਸ਼ਾਲੀ ਭੂਚਾਲ: ਸ਼ੁੱਕਰਵਾਰ ਅੱਧੀ ਰਾਤ ਤੋਂ ਪਹਿਲਾਂ ਉੱਤਰ-ਪੱਛਮੀ ਨੇਪਾਲ ਦੇ ਜ਼ਿਲ੍ਹਿਆਂ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ 'ਚ ਘੱਟ ਤੋਂ ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਜ਼ਖਮੀ ਹੋ ਗਏ। ਰਾਹਤ- ਬਚਾਅ ਕਰਮਚਾਰੀਆਂ ਨੇ ਪਹਾੜੀ ਪਿੰਡਾਂ 'ਚ ਤਲਾਸ਼ੀ ਮੁਹਿੰਮ ਚਲਾਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਤੜਕੇ ਕਿਹਾ ਕਿ (The death toll is likely to rise) ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਥਾਵਾਂ 'ਤੇ ਸੰਪਰਕ ਟੁੱਟ ਗਿਆ ਹੈ।
ਭੂਚਾਲ ਦੇ ਸਮੇਂ ਜ਼ਿਆਦਾਤਰ ਲੋਕ ਪਹਿਲਾਂ ਹੀ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦੇ ਝਟਕੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ 800 ਕਿਲੋਮੀਟਰ ਦੂਰ ਤੱਕ ਵੀ ਮਹਿਸੂਸ ਕੀਤੇ ਗਏ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭਾਰਤ 'ਚ ਇਸ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਭੂਚਾਲ ਕਾਰਨ ਲੋਕ ਡਰ ਗਏ ਹਨ। ਭੂਚਾਲ ਤੋਂ ਬਾਅਦ ਦਿੱਲੀ, ਲਖਨਊ, ਪਟਨਾ ਅਤੇ ਹੋਰ ਥਾਵਾਂ 'ਤੇ ਲੋਕ ਸੜਕਾਂ 'ਤੇ ਦਿਖਾਈ ਦਿੱਤੇ।।