ਚੰਡੀਗੜ੍ਹ: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਵੇਂ ਅਣਪਛਾਤੇ ਹਮਲਾਵਰਾਂ ਨੇ ਇਸ ਸਾਲ ਜੂਨ ਮਹੀਨੇ ਦੀ 23 ਤਰੀਕ ਨੂੰ ਗੁਰੂਘਰ ਦੀ ਪਾਰਕਿੰਗ ਵਿੱਚ ਕਰ ਦਿੱਤਾ ਸੀ ਪਰ ਇਸ ਕਤਲ ਕਾਰਣ ਹੁਣ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਛਿੜਿਆ ਹੋਇਆ ਹੈ। ਇਸ ਵਿਵਾਦ ਵਿਚਾਲੇ ਪਹਿਲਾਂ ਠੰਡੇ ਬਸਤੇ ਵਿੱਚ ਪਈ ਨਿੱਝਰ ਕਤਲ ਮਾਮਲੇ ਦੀ ਜਾਂਚ ਹੁਣ ਫਿਰ ਗਰਮਜੋਸ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਦੌਰਾਨ ਸਾਹਮਣੇ ਆ ਰਹੇ ਤੱਥ ਦੱਸਦੇ ਨੇ ਕਿ ਖਾਲਿਸਤਾਨੀ ਨਿੱਝਰ ਦਾ ਕਤਲ ਸੋਚੀ-ਸਮਝੀ ਸਾਜ਼ਿਸ਼ ਤਹਿਤ ਫਿਲਡਿੰਗ ਲਗਾ ਕੇ ਕੀਤਾ ਗਿਆ ਸੀ।
ਵੱਡੇ ਪੱਧਰ ਉੱਤੇ ਹੋਈ ਕਤਲ ਦੀ ਪਲਾਨਿੰਗ: ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ (Murder of Khalistani Hardeep Singh Nijhar) ਵੱਡੇ ਪੱਧਰ 'ਤੇ ਤਿਆਰ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ। ਲਗਭਗ 6 ਹਥਿਆਰਬੰਦ ਹਮਲਾਵਰ ਦੋ ਕਾਰਾਂ ਵਿੱਚ ਸਵਾਰ ਹੋਕੇ ਆਏ ਸਨ, ਜਿਨ੍ਹਾਂ ਨੇ ਕੈਨੇਡਾ ਦੇ ਸਰੀ ਸਥਿਤ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਦਾ ਕਤਲ ਕੀਤਾ। ਦੱਸਿਆ ਜਾ ਰਿਹਾ ਕਿ ਜਦੋਂ ਹਮਲਾਵਰ ਯੋਜਨਾਬੱਧ ਤਰੀਕੇ ਨਾਲ ਆਏ ਤਾਂ ਨਿੱਝਰ ਆਪਣੀ ਪਿਕਅੱਪ ਜੀਪ ਬਾਹਰ ਕੱਢ ਰਿਹਾ ਸੀ। ਉਸੇ ਸਮੇਂ ਨਿੱਝਰ ਦੀ ਪਿਕਅੱਪ ਅੱਗੇ ਇੱਕ ਚਿੱਟੇ ਰੰਗ ਦੀ ਸੇਡਾਨ ਕਾਰ ਆਉਣ ਲੱਗੀ। ਜਦੋਂ ਨਿੱਝਰ ਆਪਣੀ ਕਾਰ ਦੀ ਸਪੀਡ ਵਧਾਉਂਦਾ ਹੈ ਤਾਂ ਸੇਡਾਨ ਵੀ ਆਪਣੀ ਸਪੀਡ ਵਧਾ ਕੇ ਬਰਾਬਰ ਆ ਜਾਂਦੀ ਹੈ। ਕੁਝ ਸਕਿੰਟਾਂ ਬਾਅਦ, ਸੇਡਾਨ ਨੇ ਨਿੱਝਰ ਦੇ ਟਰੱਕ ਨੂੰ ਪਿੱਛੇ ਛੱਡ ਦਿੱਤਾ ਅਤੇ ਬ੍ਰੇਕ ਲਗਾ ਕੇ ਨਿੱਝਰ ਦਾ ਰਸਤਾ ਰੋਕਿਆ ਗਿਆ।
ਜਾਂਚ ਮਗਰੋਂ ਦਾਅਵਾ: ਇਸ ਤੋਂ ਬਾਅਦ ਦੋ ਹਮਲਾਵਰ ਨੇੜਲੇ ਵੇਟਿੰਗ ਏਰੀਏ ਤੋਂ ਨਿਕਲੇ ਅਤੇ ਨਿੱਝਰ ਦੇ ਟਰੱਕ ਵੱਲ ਵਧੇ। ਦੋਵਾਂ ਦੇ ਹੱਥਾਂ ਵਿੱਚ ਹਥਿਆਰ ਸਨ। ਉਨ੍ਹਾਂ ਨੇ ਡਰਾਈਵਿੰਗ ਸੀਟ 'ਤੇ ਬੈਠੇ ਨਿੱਝਰ ਉੱਤੇ ਤੇਜ਼ੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਨਿੱਝਰ ਦੇ ਪਿਕਅੱਪ ਟਰੱਕ ਦਾ ਰਸਤਾ ਰੋਕਦੀ ਚਿੱਟੀ ਸੇਡਾਨ ਬਾਹਰ ਨਿਕਲ ਗਈ ਅਤੇ ਦੋਵੇਂ ਹਮਲਾਵਰ ਵੀ ਉਸੇ ਰਸਤੇ ਪੈਦਲ ਹੀ ਫ਼ਰਾਰ ਹੋ ਗਏ। ਇਸ ਦੌਰਾਨ ਕਰੀਬ 50 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 34 ਗੋਲੀਆਂ ਨਿੱਝਰ (34 bullets hit Nijhar) ਨੂੰ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਪੁੱਜੀਆਂ ਪੁਲਿਸ ਟੀਮਾਂ ਵਿਚਾਲੇ ਜਾਂਚ ਨੂੰ ਲੈ ਕੇ ਵੀ ਝਗੜਾ ਹੋਇਆ। ਦੱਸ ਦਈਏ ਇਹ ਸਾਰਾ ਦਾਅਵਾ ਕੈਨੇਡੀਅਨ ਮੀਡੀਆ ਨੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਅਤੇ ਘਟਨਾ ਦੇ ਸਮੇਂ ਆਸ-ਪਾਸ ਮੌਜੂਦ ਲੋਕਾਂ ਤੋਂ ਲਈ ਜਾਣਕਾਰੀ ਦੇ ਮੁਤਾਬਿਕ ਕੀਤਾ ਹੈ।
ਕੈਨੇਡੀਅਨ ਪੁਲਿਸ ਦੇ ਹੱਥ ਖਾਲੀ: ਦੱਸ ਦਈਏ ਕੈਨੇਡੀਅਨ ਪੀਐੱਮ (Canadian PM) ਨੇ ਨਿੱਝਰ ਦੇ ਕਤਲ ਨੂੰ ਲੈਕੇ ਭਾਰਤ ਉੱਤੇ ਜੋ ਇਲਜ਼ਾਮ ਲਾਏ ਉਸ ਸਬੰਧੀ ਕੈਨੇਡੀਅਨ ਪੁਲਿਸ ਜਾਂ ਹੋਰ ਅਧਿਕਾਰੀਆਂ ਕੋਲ ਇਲਜ਼ਾਮਾਂ ਨੂੰ ਸਾਬਿਤ ਕਰਦੇ ਸਬੂਤ ਨਹੀਂ ਮਿਲੇ ਹਨ। ਨਿੱਝਰ ਦੇ ਕਤਲ ਤੋਂ ਬਾਅਦ ਪੁਲਿਸ ਨੇ ਹਮਲਾਵਰ ਗੱਡੀਆਂ ਦੀ ਭਾਲ ਲਈ ਜੱਦੋ-ਜਹਿਦ ਕੀਤੀ। ਜਿਹੜੇ ਰਸਤਿਆਂ ਤੋਂ ਹਮਲਾਵਰ ਪੈਦਲ ਜਾਂ ਕਾਰਾਂ ਰਾਹੀਂ ਜਾਂਦੇ ਸੀਸੀਟੀਵੀ ਤਸਵੀਰਾਂ ਵਿੱਚ ਵਿਖਾਈ ਦਿੱਤੇ ਸਨ ਪੁਲਿਸ ਨੇ ਉਨ੍ਹਾਂ ਸਭ ਸਥਾਨਾਂ ਉੱਤੇ ਜਾਂਚ ਕੀਤੀ ਅਤੇ ਲੋਕਾਂ ਦੇ ਘਰਾਂ ਵਿੱਚ ਜਾਕੇ ਵੀ ਸਭ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਦੇ ਹੱਥ ਹੁਣ ਤੱਕ ਖਾਲੀ ਹਨ।