ਦੁਬਈ/ਨਵੀਂ ਦਿੱਲੀ: ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ਼ ਅਲ ਅਹਿਮਦ ਅਲ ਸਬਾਹ ਦਾ ਸ਼ਨੀਵਾਰ ਨੂੰ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕੁਵੈਤ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਦੀ ਮੌਤ ਦੀ ਘੋਸ਼ਣਾ ਤੋਂ ਠੀਕ ਪਹਿਲਾਂ ਕੁਰਾਨ ਦੀਆਂ ਆਇਤਾਂ ਨਾਲ ਟੈਲੀਵਿਜ਼ਨ 'ਤੇ ਪ੍ਰੋਗਰਾਮਿੰਗ ਸ਼ੁਰੂ ਹੋ ਗਈ ਸੀ। ਕੁਵੈਤ ਦੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਦੁੱਖ ਦੇ ਨਾਲ ਅਸੀਂ ਕੁਵੈਤ ਰਾਜ ਦੇ ਅਮੀਰ ਸ਼ੇਖ ਨਵਾਫ ਅਲ-ਅਹਿਮਦ ਅਲ-ਸਬਾਹ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹਾਂ।
ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਬਾਹ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਅਸੀ ਸ਼ਾਹੀ ਪਰਿਵਾਰ, ਲੀਡਰਸ਼ਿਪ ਅਤੇ ਕੁਵੈਤ ਦੇ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਸ ਦੇ ਨਾਲ ਹੀ ਕੁਵੈਤ ਦੇ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਬਾਹ ਦੇ ਦਿਹਾਂਤ 'ਤੇ ਭਾਰਤ ਸਰਕਾਰ ਨੇ ਐਤਵਾਰ ਨੂੰ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।
ਹਾਲਾਂਕਿ ਅਧਿਕਾਰੀਆਂ ਨੇ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਇਸ ਦੇ ਨਾਲ ਹੀ ਕੁਵੈਤ ਦੇ ਉਪ ਸ਼ਾਸਕ ਅਤੇ ਉਨ੍ਹਾਂ ਦੇ ਸੌਤੇਲੇ ਭਰਾ ਸ਼ੇਖ ਮੇਸ਼ਾਲ ਅਹ ਅਹਿਮਦ ਅਲ ਜਾਬੇਰ, ਜੋ ਹੁਣ 83 ਸਾਲ ਦੇ ਹਨ, ਉਨ੍ਹਾਂ ਨੂੰ ਅਗਲਾ ਅਮੀਰ ਐਲਾਨਿਆ ਜਾ ਸਕਦਾ ਹੈ। ਦੱਸ ਦਈਏ ਕਿ ਸ਼ੇਖ ਨਵਾਫ ਅੱਲ੍ਹਾ ਅਹਿਮਦ ਅਲ ਸਬਾਹ ਨੂੰ ਨਵੰਬਰ 'ਚ ਬੀਮਾਰੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਪਹਿਲਾਂ ਸਰਕਾਰੀ ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਉਹ ਮਾਰਚ 2021 ਵਿੱਚ ਡਾਕਟਰੀ ਜਾਂਚ ਲਈ ਸੰਯੁਕਤ ਰਾਜ ਅਮਰੀਕਾ ਗਏ ਸੀ।
ਉਥੇ ਹੀ ਸ਼ੇਖ ਨਵਾਫ ਨੂੰ ਉਨ੍ਹਾਂ ਦੇ ਸੌਤੇਲੇ ਭਰਾ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਨੇ 2006 ਵਿੱਚ ਕ੍ਰਾਊਨ ਪ੍ਰਿੰਸ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਸ਼ੇਖ ਨਵਾਫ ਨੇ 2020 ਵਿੱਚ ਆਪਣੇ ਪੂਰਵਜ ਮਰਹੂਮ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ ਮੌਤ ਤੋਂ ਬਾਅਦ ਅਮੀਰ ਵਜੋਂ ਸਹੁੰ ਚੁੱਕੀ ਸੀ। ਸ਼ੇਖ ਸਬਾਹ ਆਪਣੀ ਕੂਟਨੀਤੀ ਅਤੇ ਖੇਤਰ ਵਿੱਚ ਸ਼ਾਂਤੀ ਰੱਖਿਅਕ ਲਈ ਜਾਣੇ ਜਾਂਦੇ ਸਨ। ਸ਼ੇਖ ਨਵਾਫ ਨੇ ਪਹਿਲਾਂ ਕੁਵੈਤ ਦੇ ਗ੍ਰਹਿ ਅਤੇ ਰੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਸੀ, ਪਰ ਸਰਕਾਰ ਵਿੱਚ ਉਨ੍ਹਾਂ ਨੂੰ ਖਾਸ ਤੌਰ 'ਤੇ ਸਰਗਰਮ ਨਹੀਂ ਦੇਖਿਆ ਗਿਆ ਸੀ।
1937 ਵਿੱਚ ਜਨਮੇ ਸ਼ੇਖ ਨਵਾਫ਼ 1921 ਤੋਂ 1950 ਤੱਕ ਕੁਵੈਤ ਦੇ ਸ਼ਾਸਕ ਮਰਹੂਮ ਸ਼ੇਖ ਅਹਿਮਦ ਅਲ-ਜਾਬਰ ਅਲ-ਸਬਾਹ ਦੇ ਪੰਜਵੇਂ ਪੁੱਤਰ ਸਨ। ਉਨ੍ਹਾਂ ਨੇ 25 ਸਾਲ ਦੀ ਉਮਰ ਵਿੱਚ ਹਵਾਲੀ ਪ੍ਰਾਂਤ ਦੇ ਗਵਰਨਰ ਵਜੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ।