ਓਟਾਵਾ:ਅਮਰੀਕੀ ਕਾਰੋਬਾਰੀ ਅਤੇ ਸਪੇਸ ਐਕਸ ਦੇ ਸੀਈਓ ਐਲੋਨ ਮਸਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਹਮਲਾ ਬੋਲਿਆ ਹੈ। ਮਸਕ ਨੇ ਟਰੂਡੋ 'ਤੇ ਦੋਸ਼ ਲਗਾਇਆ ਕਿ ਉਹ ਆਪਣੇ ਦੇਸ਼ 'ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਸਰਕਾਰ ਨੇ ਸਟ੍ਰੀਮਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਨਲਾਈਨ ਪਲੇਟਫਾਰਮਾਂ ਨੂੰ ਲੈ ਕੇ ਨਵੇਂ ਨਿਯਮ ਪੇਸ਼ ਕੀਤੇ ਹਨ। ਜਿਸ ਵਿੱਚ ਔਨਲਾਈਨ ਸਟ੍ਰੀਮਿੰਗ ਸੇਵਾਵਾਂ ਦੇ ਰੈਗੂਲੇਟਰੀ ਨਿਯੰਤਰਣ ਲਈ ਸਰਕਾਰ ਨਾਲ ਰਸਮੀ ਤੌਰ 'ਤੇ ਰਜਿਸਟਰ ਕਰਨਾ ਲਾਜ਼ਮੀ ਹੈ।
ਬੋਲਣ ਦੀ ਅਜ਼ਾਦੀ ਨੂੰ ਕੁਚਲਣ ਦੇ ਦੋਸ਼:ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਨੂੰ ਦੁਬਾਰਾ ਸਾਂਝਾ ਕਰਦੇ ਹੋਏ ਟਰੂਡੋ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਦੇਸ਼ ਵਿੱਚ 'ਆਜ਼ਾਦੀ ਨੂੰ ਕੁਚਲਣ' ਲਈ ਕੈਨੇਡਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਐਲੋਨ ਮਸਕ ਨੇ ਕਿਹਾ ਕਿ ਕੈਨੇਡਾ ਸਰਕਾਰ ਵਿਅਕਤੀ ਨੂੰ ਖੁੱਲ੍ਹ ਕੇ ਵਿਚਾਰ ਰੱਖਣ ਲਈ ਰੋਕ ਲਾ ਰਹੇ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੂਡੋ ਸਰਕਾਰ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਫਰਵਰੀ 2022 ਵਿੱਚ,ਟਰੂਡੋ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਸੀ ਤਾਂ ਜੋ ਆਪਣੀ ਸਰਕਾਰ ਨੂੰ ਟਰੱਕ ਡਰਾਈਵਰਾਂ ਦੇ ਵਿਰੋਧ ਦਾ ਜਵਾਬ ਦੇਣ ਲਈ ਵਧੇਰੇ ਸ਼ਕਤੀ ਦਿੱਤੀ ਜਾ ਸਕੇ। ਉਸ ਸਮੇਂ ਵੀ ਟਰੁਡੋ ਦੀ ਨਿੰਦਾ ਕੀਤੀ ਗਈ ਸੀ।