ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਜਕਾਰੀ ਬੋਰਡ ਵਿਚ ਅਮਰੀਕੀ ਪ੍ਰਤੀਨਿਧੀ ਵਜੋਂ ਡਾਕਟਰ ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਡਾਕਟਰ ਮੂਰਤੀ 'ਸਰਜਨ ਜਨਰਲ' ਦੇ ਨਾਲ-ਨਾਲ ਇਸ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਮਾਰਚ 2021 ਵਿੱਚ ਯੂਐਸ ਸੈਨੇਟ ਨੇ ਦੇਸ਼ ਦੇ 21ਵੇਂ 'ਸਰਜਨ ਜਨਰਲ' ਵਜੋਂ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 19ਵੇਂ ‘ਸਰਜਨ ਜਨਰਲ’ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।
'ਸਰਜਨ ਜਨਰਲ' ਦੇ ਅਹੁਦੇ 'ਤੇ ਬਿਰਾਜਮਾਨ ਵਿਅਕਤੀ ਦਾ ਕੰਮ ਸਪੱਸ਼ਟ, ਇਕਸਾਰ ਅਤੇ ਬਰਾਬਰ ਮਾਰਗਦਰਸ਼ਨ ਅਤੇ ਸਰੋਤ ਪ੍ਰਦਾਨ ਕਰਕੇ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ 21ਵੇਂ 'ਸਰਜਨ ਜਨਰਲ' ਦੇ ਤੌਰ 'ਤੇ ਡਾ. ਮੂਰੂ ਨੇ ਕਈ ਮਹੱਤਵਪੂਰਨ ਜਨਤਕ ਸਿਹਤ ਮੁੱਦਿਆਂ 'ਤੇ ਸਰਕਾਰ ਦਾ ਧਿਆਨ ਦਿਵਾਇਆ, ਜਿਸ 'ਚ ਸਿਹਤ ਸੰਬੰਧੀ ਗਲਤ ਜਾਣਕਾਰੀ ਦੇ ਵਧਦੇ ਪ੍ਰਸਾਰ, ਨੌਜਵਾਨਾਂ 'ਚ ਮਨੋਵਿਗਿਆਨਕ ਸਮੱਸਿਆਵਾਂ ਸ਼ਾਮਲ ਹਨ।