ਵਾਸ਼ਿੰਗਟਨ:ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਅਮਰੀਕੀ ਕੈਪੀਟਲ ਹਮਲੇ ਦੀ ਜਾਂਚ ਕਰ ਰਹੀ ਕਾਂਗਰਸ ਕਮੇਟੀ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਅਪਰਾਧਿਕ ਦੋਸ਼ ਦਾਇਰ ਕਰਨ ਦੀ ਸਿਫਾਰਸ਼ ਕੀਤੀ ਹੈ। ਸਦਨ ਦੇ ਪੈਨਲ ਨੇ ਸਰਬਸੰਮਤੀ ਨਾਲ ਨਿਆਂ ਵਿਭਾਗ ਨੂੰ ਬਗ਼ਾਵਤ ਲਈ ਉਕਸਾਉਣ, ਸਰਕਾਰੀ ਕਾਰਵਾਈ ਵਿੱਚ ਰੁਕਾਵਟ ਪਾਉਣ, ਅਮਰੀਕੀ ਸਰਕਾਰ ਨੂੰ ਧੋਖਾ ਦੇਣ ਦੀ ਸਾਜ਼ਿਸ਼ ਅਤੇ ਝੂਠੇ ਬਿਆਨ ਦੇਣ ਲਈ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ।
ਪ੍ਰਤੀਨਿਧੀ ਜੈਮੀ ਰਾਸਕਿਨ ਨੇ ਹਾਊਸ ਪੈਨਲ ਦੀਆਂ ਖੋਜਾਂ ਦੀ ਰੂਪਰੇਖਾ ਦਿੰਦੇ ਹੋਏ ਕਿਹਾ ਕਿ ਕਮੇਟੀ ਨੇ ਮਹੱਤਵਪੂਰਨ ਸਬੂਤ ਵਿਕਸਿਤ ਕੀਤੇ ਹਨ ਕਿ ਰਾਸ਼ਟਰਪਤੀ ਸਾਡੇ ਸੰਵਿਧਾਨ ਦੇ ਅਧੀਨ ਸੱਤਾ ਦੇ ਸ਼ਾਂਤੀਪੂਰਨ ਪਰਿਵਰਤਨ ਵਿੱਚ ਵਿਘਨ ਪਾਉਣ ਦਾ ਇਰਾਦਾ ਰੱਖਦੇ ਸਨ। ਜਨਵਰੀ 2021 ਨੂੰ, ਟਰੰਪ ਦੇ ਸਮਰਥਕ ਅਮਰੀਕੀ ਸੰਸਦ ਕੈਪੀਟਲ ਹਿੱਲ ਵਿੱਚ ਦਾਖਲ ਹੋਏ, ਜਿਸ ਤੋਂ ਬਾਅਦ ਹਿੰਸਾ ਹੋਈ। ਇਸ ਹਿੰਸਾ 'ਚ ਕਈ ਲੋਕ ਮਾਰੇ ਗਏ ਸਨ ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ।