ਨਿਊਯਾਰਕ ਸਿਟੀ:ਇਜ਼ਰਾਈਲ-ਹਮਾਸ ਸੰਘਰਸ਼ ਦਰਮਿਆਨ UNGA ਪ੍ਰਧਾਨ ਦਾ ਬਿਆਨ ਆਇਆ ਹੈ। ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਡੇਨਿਸ ਫ੍ਰਾਂਸਿਸ ਨੇ ਕਿਹਾ ਕਿ ਹਿੰਸਾ ਸੰਘਰਸ਼ ਨੂੰ ਸੁਲਝਾਉਣ ਦਾ ਤਰੀਕਾ ਨਹੀਂ ਹੈ। ਉਸਨੇ ਇਜ਼ਰਾਈਲ ਵਿੱਚ 'ਦੁਸ਼ਮਣੀ ਬੰਦ ਕਰਨ' ਦਾ ਸੱਦਾ ਦਿੱਤਾ ਹੈ। ਇੱਕ ਵਿਸ਼ੇਸ਼ ਏਐਨਆਈ ਇੰਟਰਵਿਊ ਵਿੱਚ, ਯੂਐਨਜੀਏ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਕੂਟਨੀਤਕ ਪ੍ਰਕਿਰਿਆ ਇੱਕ ਸੁਰੱਖਿਅਤ ਰਾਹ ਵੱਲ ਲੈ ਜਾ ਸਕਦੀ ਹੈ।
ਫ੍ਰਾਂਸਿਸ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਅਤੇ ਜਿਵੇਂ ਕਿ ਸਕੱਤਰ ਜਨਰਲ ਨੇ ਖੁਦ ਕਿਹਾ ਹੈ ਕਿ ਹਿੰਸਾ ਸੰਘਰਸ਼ ਨੂੰ ਸੁਲਝਾਉਣ ਦਾ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਕੂਟਨੀਤਕ ਰੁਝੇਵਿਆਂ ਰਾਹੀਂ ਦੁਸ਼ਮਣੀ ਹੱਲ ਕਰਨ ਦੇ ਹੱਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਇਹ ਸੁਰੱਖਿਅਤ ਰਸਤਾ ਹੈ। ਸ਼ਨੀਵਾਰ ਸਵੇਰੇ ਹਮਾਸ ਵੱਲੋਂ ਕੀਤੇ ਗਏ ਅਚਨਚੇਤ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਮਾਸ ਦੇ ਹਮਲੇ ਵਿੱਚ 700 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ ਅਤੇ 2,300 ਹੋਰ ਜ਼ਖ਼ਮੀ ਹੋ ਗਏ ਸਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਹਮਾਸ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਅਸੀਂ ਇਸ ਨੂੰ ਖਤਮ ਕਰਾਂਗੇ। ਯੂਐਨਜੀਏ ਦੇ ਪ੍ਰਧਾਨ ਨੇ ਇਹ ਵੀ ਦੁਹਰਾਇਆ ਕਿ ਸੰਯੁਕਤ ਰਾਸ਼ਟਰ ਕੂਟਨੀਤਕ ਵਾਰਤਾਕਾਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਯੂਐਨਜੀਏ ਨੂੰ ਉਮੀਦ ਹੈ ਕਿ ਲੜਾਕੂਆਂ ਨੂੰ ਗੱਲਬਾਤ ਦੀ ਮਹੱਤਤਾ ਦਾ ਅਹਿਸਾਸ ਹੋਵੇਗਾ।