ਤਹਿਰਾਨ: ਈਰਾਨ ਨੇ ਪਾਕਿਸਤਾਨ 'ਚ ਤਹਿਰਾਨ ਵਿਰੋਧੀ ਅੱਤਵਾਦੀ ਸਮੂਹ ਦੇ ਹੈੱਡਕੁਆਰਟਰ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਅਲ ਅਰਬੀਆ ਨਿਊਜ਼ ਨੇ ਤਸਨੀਮ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਵਿਚ ਜੈਸ਼ ਅਲ-ਅਦਲ (ਨਿਆਂ ਦੀ ਫੌਜ) ਦੇ ਦੋ 'ਮਹੱਤਵਪੂਰਨ ਹੈੱਡਕੁਆਰਟਰ' ਨੂੰ 'ਨਸ਼ਟ' ਕਰ ਦਿੱਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮਲੇ ਪਾਕਿਸਤਾਨ ਦੇ ਬਲੋਚਿਸਤਾਨ ਦੇ ਉਸ ਇਲਾਕੇ 'ਚ ਕੇਂਦ੍ਰਿਤ ਸਨ ਜਿੱਥੇ ਜੈਸ਼ ਅਲ-ਅਦਲ ਦਾ 'ਸਭ ਤੋਂ ਵੱਡਾ ਹੈੱਡਕੁਆਰਟਰ' ਸਥਿਤ ਸੀ। ਅਲ ਅਰਬੀਆ ਨਿਊਜ਼ ਦੀ ਰਿਪੋਰਟ ਮੁਤਾਬਕ 2012 'ਚ ਬਣੀ ਜੈਸ਼ ਅਲ-ਅਦਲ ਨੂੰ ਈਰਾਨ ਪਹਿਲਾਂ ਹੀ 'ਅੱਤਵਾਦੀ' ਸੰਗਠਨ ਐਲਾਨ ਕਰ ਚੁੱਕਾ ਹੈ।
ਈਰਾਨੀ ਸੁਰੱਖਿਆ ਬਲਾਂ 'ਤੇ ਕੀਤੇ ਹਮਲਿਆਂ ਦਾ ਲਿਆ ਬਦਲਾ: ਜੈਸ਼ ਅਲ-ਅਦਲ ਇੱਕ ਸੁੰਨੀ ਅੱਤਵਾਦੀ ਸਮੂਹ ਹੈ ਜੋ ਈਰਾਨ ਦੇ ਦੱਖਣ-ਪੂਰਬੀ ਸੂਬੇ ਸਿਸਤਾਨ-ਬਲੂਚਿਸਤਾਨ ਵਿੱਚ ਕੰਮ ਕਰਦਾ ਹੈ। ਪਿਛਲੇ ਕੁਝ ਸਾਲਾਂ 'ਚ ਜੈਸ਼ ਅਲ-ਅਦਲ ਨੇ ਈਰਾਨੀ ਸੁਰੱਖਿਆ ਬਲਾਂ 'ਤੇ ਕਈ ਹਮਲੇ ਕੀਤੇ ਹਨ। ਅਲ ਅਰਬੀਆ ਨਿਊਜ਼ ਦੀ ਰਿਪੋਰਟ ਮੁਤਾਬਕ ਦਸੰਬਰ 'ਚ ਜੈਸ਼ ਅਲ-ਅਦਲ ਨੇ ਸਿਸਤਾਨ-ਬਲੂਚਿਸਤਾਨ 'ਚ ਇਕ ਪੁਲਸ ਸਟੇਸ਼ਨ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਵਿੱਚ ਘੱਟੋ-ਘੱਟ 11 ਪੁਲਿਸ ਮੁਲਾਜ਼ਮਾਂ ਦੀ ਜਾਨ ਚਲੀ ਗਈ।
ਸਿਸਤਾਨ-ਬਲੂਚਿਸਤਾਨ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ। ਇਸ ਖੇਤਰ ਦਾ ਈਰਾਨੀ ਸੁਰੱਖਿਆ ਬਲਾਂ ਅਤੇ ਸੁੰਨੀ ਅੱਤਵਾਦੀਆਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਚਕਾਰ ਸੰਘਰਸ਼ ਦਾ ਇਤਿਹਾਸ ਰਿਹਾ ਹੈ। ਅਲ ਅਰਬੀਆ ਨਿਊਜ਼ ਦੀ ਰਿਪੋਰਟ ਮੁਤਾਬਕ ਸਿਸਤਾਨ-ਬਲੂਚੇਸਤਾਨ ਈਰਾਨ ਦੇ ਸਭ ਤੋਂ ਗਰੀਬ ਖੇਤਰਾਂ ਵਿੱਚੋਂ ਇੱਕ ਹੈ। ਇਸ ਖੇਤਰ ਦੀ ਜ਼ਿਆਦਾਤਰ ਆਬਾਦੀ ਸੁੰਨੀ ਨਸਲੀ ਬਲੂਚੀਆਂ ਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਇਹ ਹਮਲੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਰਾਕ ਦੇ ਕੁਰਦਿਸਤਾਨ ਖੇਤਰ ਵਿਚ ਇਜ਼ਰਾਈਲੀ 'ਜਾਸੂਸ ਹੈੱਡਕੁਆਰਟਰ' ਅਤੇ ਸੀਰੀਆ ਵਿਚ ਕਥਿਤ ਤੌਰ 'ਤੇ ਆਈਐਸਆਈਐਸ ਨਾਲ ਜੁੜੇ ਟਿਕਾਣਿਆਂ 'ਤੇ ਮਿਜ਼ਾਈਲਾਂ ਦਾਗਣ ਤੋਂ ਇਕ ਦਿਨ ਬਾਅਦ ਹੋਏ ਹਨ।