ਲੰਡਨ: ਦੋਵੇਂ ਦੇਸ਼ ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) 'ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਅਤੇ ਅਗਲੀ ਦੁਵੱਲੀ ਆਰਥਿਕ ਅਤੇ ਵਿੱਤੀ ਗੱਲਬਾਤ ਨੂੰ ਤੇਜ਼ ਕਰਨ ਲਈ ਸਹਿਮਤ ਹੋ ਗਏ ਹਨ। ਬ੍ਰਿਟਿਸ਼ ਸਰਕਾਰ ਨੇ ਇਹ ਗੱਲ ਕਹੀ ਹੈ। ਹਾਲ ਹੀ ਵਿੱਚ ਭਾਰਤ ਅਤੇ ਬਰਤਾਨੀਆ ਦਰਮਿਆਨ ਗੱਲਬਾਤ ਦਾ ਸੱਤਵਾਂ ਪੜਾਅ ਪੂਰਾ ਹੋਇਆ ਹੈ। ਬ੍ਰਿਟੇਨ ਦੇ ਵਿੱਤ ਮੰਤਰੀ ਜੇਰੇਮੀ ਹੰਟ ਭਾਰਤ ਦੀ ਪ੍ਰਧਾਨਗੀ 'ਚ ਹੋਈ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਬੈਠਕ ਦੇ ਅੰਤ 'ਚ ਪਹੁੰਚੇ ਸਨ।
ਉਨ੍ਹਾਂ ਨੇ ਇੱਥੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲਬਾਤ ਦੌਰਾਨ ਦੁਵੱਲੇ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਬ੍ਰਿਟੇਨ ਦੇ ਵਿੱਤ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਸੀਤਾਰਮਨ ਨਾਲ ਗੱਲਬਾਤ ਦੌਰਾਨ, ਦੋਵੇਂ ਪੱਖ ਬ੍ਰਿਟੇਨ-ਭਾਰਤ ਐੱਫਟੀਏ 'ਤੇ ਅਤੇ ਦੁਵੱਲੇ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤ ਹੋਏ। ਵਿਭਾਗ ਨੇ ਕਿਹਾ ਕਿ ਉਹ ਅਗਲੇ ਯੂਕੇ-ਭਾਰਤ ਆਰਥਿਕ ਅਤੇ ਵਿੱਤੀ ਗੱਲਬਾਤ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਸਹਿਮਤ ਹੋਏ ਹਨ।
ਬ੍ਰਿਟੇਨ ਦੇ ਵਿੱਤ ਮੰਤਰੀ ਵਜੋਂ ਆਪਣੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਦੌਰਾਨ, ਹੰਟ ਨੇ ਬੰਗਲੁਰੂ ਵਿੱਚ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਵਿਪਰੋ ਦੇ ਦਫਤਰਾਂ ਦਾ ਦੌਰਾ ਕੀਤਾ। ਬ੍ਰਿਟੇਨ 'ਚ ਵਿਪਰੋ 'ਚ ਕਰੀਬ 4,000 ਲੋਕ ਕੰਮ ਕਰਦੇ ਹਨ।