ਆਬੂ ਧਾਬੀ:ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਬੂ ਧਾਬੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਸੰਯੁਕਤ ਅਰਬ ਅਮੀਰਾਤ UAE ਨੇ ਕਿਹਾ ਕਿ ਭਾਰਤ ਨਾਲ ਉਸਦੀ ਆਰਥਿਕ ਭਾਈਵਾਲੀ ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਬਾਰੇ ਵਿੱਚ ਬੋਲਦਿਆਂ ਯੂਏਈ ਦੇ ਵਿਦੇਸ਼ ਵਪਾਰ ਰਾਜ ਮੰਤਰੀ ਡਾਕਟਰ ਥਾਨੀ ਬਿਨ ਅਹਿਮਦ ਅਲ ਜ਼ੀਉਦੀ ਨੇ ਕਿਹਾ ਕਿ ਯੂਏਈ-ਭਾਰਤ ਗੈਰ-ਤੇਲ ਵਪਾਰ 2030 ਤੱਕ ਪ੍ਰਤੀ ਸਾਲ US $100 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। UAE-ਭਾਰਤ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (CEPA) ਵਿਕਾਸ ਅਤੇ ਮੌਕੇ ਦੇ ਇੱਕ ਨਵੇਂ ਯੁੱਗ ਨੂੰ ਪੇਸ਼ ਕਰਨ ਲਈ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਲਾਹਾ ਹਰ ਇੱਕ ਨੂੰ ਮਿਲੇਗਾ।
ਭਾਰਤ ਅਤੇ ਯੂਏਈ ਦਰਮਿਆਨ ਸੀਈਪੀਏ ਦੀ ਸਫ਼ਲਤਾ :ਉਥੇ ਹੀ ਉਹਨਾਂ ਇਹ ਵੀ ਕਿਹਾ ਕਿ CEPA ਭਾਰਤ ਅਤੇ UAE ਵਿਚਕਾਰ 18 ਫਰਵਰੀ, 2022 ਨੂੰ ਹਸਤਾਖਰ ਕੀਤੇ ਗਏ ਸਨ ਤੇ ਇਸ ਸਮਝੌਤੇ ਨੂੰ 1 ਮਈ, 2022 ਨੂੰ ਲਾਗੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਵਿਚਕਾਰ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਉਥੇ ਹੀ ਭਾਰਤ ਅਤੇ ਯੂਏਈ ਦਰਮਿਆਨ ਸੀਈਪੀਏ ਦੀ ਸਫ਼ਲਤਾ ਬਾਰੇ ਬੋਲਦਿਆਂ ਜ਼ਿਊਦੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੂਏਈ-ਭਾਰਤ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਵੇਗਾ।
ਯੂਏਈ ਊਰਜਾ ਪ੍ਰੋਜੈਕਟਾਂ ਨੂੰ ਲੈ ਕੇ ਉਤਸ਼ਾਹਿਤ :ਭਾਰਤ ਅਤੇ ਯੂਏਈ ਵਿਚਕਾਰ ਸੀਈਪੀਏ ਦੇ ਮੁੱਖ ਨਤੀਜਿਆਂ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਦੁਵੱਲੇ ਵਪਾਰ ਤਰੱਕੀ ਵਿੱਚ ਵਾਧਾ ਹੋਇਆ ਹੈ। CEPA ਨੇ ਪੂਰਬ-ਪੱਛਮੀ ਸਪਲਾਈ ਚੇਨਾਂ ਨੂੰ ਸੁਖਾਲਾ ਕਰ ਦਿੱਤਾ ਹੈ ਅਤੇ ਇੱਕ ਨਵਾਂ ਵਪਾਰਕ ਰਾਹ ਵਿਕਸਤ ਕੀਤਾ ਹੈ, ਜੋ ਕਿ ਏਸ਼ੀਆ ਨੂੰ ਮੱਧ ਪੂਰਬ ਅਤੇ ਅਫਰੀਕਾ ਨਾਲ ਜੋੜਦਾ ਹੈ। ਡਾ.ਥਾਨੀ ਅਲ ਜ਼ਿਊਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪ੍ਰਚੂਨ ਉਦਯੋਗ, ਭੋਜਨ ਸੁਰੱਖਿਆ,ਟੈਕਨਾਲੋਜੀ, ਸਿਹਤ ਸੰਭਾਲ ਅਤੇ ਲੌਜਿਸਟਿਕਸ ਸਮੇਤ ਵੱਖ-ਵੱਖ ਹਿੱਸਿਆਂ 'ਚ ਭਾਰਤ ਵਿੱਚ ਯੂਏਈ ਦੇ ਨਿਵੇਸ਼ ਦੇ ਪ੍ਰਭਾਵ ਨੂੰ ਦੇਖਣ ਦੇ ਯੋਗ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੁਝ ਨਵੇਂ ਊਰਜਾ ਪ੍ਰੋਜੈਕਟਾਂ ਨੂੰ ਲੈ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ, ਉਹਨਾਂ ਕਿਹਾ ਕਿ ਗੁਜਰਾਤ ਵਿੱਚ 300 ਮੈਗਾਵਾਟ ਦਾ ਹਾਈਬ੍ਰਿਡ ਪਲਾਂਟ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਨਵੀ ਬੈਟਰੀ ਊਰਜਾ ਸਟੋਰੇਜ ਸਿਸਟਮ ਵੀ ਸ਼ਾਮਲ ਹੈ।
ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਯੂਏਈ ਵਿਚਕਾਰ ਦੁਹਰਾ ਵਪਾਰ ਅਪ੍ਰੈਲ 2021-ਮਾਰਚ 2022 ਵਿੱਚ 72.9 ਬਿਲੀਅਨ ਡਾਲਰ ਤੋਂ ਵਧ ਕੇ ਅਪ੍ਰੈਲ 2022-ਮਾਰਚ 2023 ਵਿੱਚ 84.5 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਯੂਏਈ ਦੇ ਮੰਤਰੀ ਡਾਕਟਰ ਥਾਨੀ ਬਿਨ ਅਹਿਮਦ ਅਲ ਜ਼ੇਉਦੀ ਨੇ ਅੱਗੇ ਦੱਸਿਆ ਕਿ ਯੂਏਈ ਨੇ ਮੁੱਖ ਉਤਪਾਦਾਂ ਦੇ ਨਿਰਯਾਤ ਵਿੱਚ ਵਾਧਾ ਦੇਖਿਆ ਹੈ ਅਤੇ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਭਾਰਤ ਨਾਲ ਵਪਾਰ ਅਤੇ ਨਿਵੇਸ਼ ਆਉਣ ਵਾਲੇ ਸਾਲਾਂ ਅਤੇ ਦਹਾਕਿਆਂ ਵਿੱਚ ਵਧਦਾ ਰਹੇਗਾ।