ਨਵੀਂ ਦਿੱਲੀ:ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦੀ ਹਾਫਿਜ਼ ਸਈਦ ਨੂੰ ਭਾਰਤ ਹਵਾਲੇ ਕਰਨ ਲਈ ਕਿਹਾ ਹੈ। ਵੱਖ-ਵੱਖ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਹਾਫਿਜ਼ ਸਈਦ ਮੁੰਬਈ ਹਮਲੇ ਦਾ ਮਾਸਟਰਮਾਈਂਡ ਵੀ ਹੈ। ਪਾਕਿਸਤਾਨ ਦੀਆਂ ਕਈ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਅੱਤਵਾਦੀ ਨੂੰ ਸੌਂਪਣ ਦੀ ਮੰਗ ਕੀਤੀ ਹੈ।
ਖਬਰਾਂ ਮੁਤਾਬਕ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਤੋਂ ਹਾਫਿਜ਼ ਸਈਦ ਦੀ ਹਵਾਲਗੀ ਦੀ ਬੇਨਤੀ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਹਵਾਲਗੀ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਰਸਮੀ ਸੰਧੀ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਦੋਵੇਂ ਦੇਸ਼ ਚਾਹੁਣ ਤਾਂ ਅਜਿਹੇ ਅੱਤਵਾਦੀਆਂ ਨੂੰ ਹਵਾਲਗੀ ਰਾਹੀਂ ਕਾਬੂ ਕਰ ਸਕਦੇ ਹਨ ਤਾਂ ਜੋ ਮਨੁੱਖਤਾ ਵਿਰੁੱਧ ਅੱਤਵਾਦੀ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਭਾਰਤ ਸਰਕਾਰ ਨੇ ਹਾਫਿਜ਼ ਸਈਦ ਦੀ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਫਿਜ਼ ਸਈਦ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਹੈ। ਇਹੀ ਕਾਰਨ ਹੈ ਕਿ ਹੁਣ ਭਾਰਤ ਹਾਫਿਜ਼ ਸਈਦ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਸਰਕਾਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਹਾਫਿਜ਼ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ। ਜੰਮੂ-ਕਸ਼ਮੀਰ 'ਚ ਕਈ ਅੱਤਵਾਦੀ ਘਟਨਾਵਾਂ ਤੋਂ ਇਲਾਵਾ ਹਾਫਿਜ਼ ਸਈਦ ਮੁੰਬਈ 'ਚ 26-11 ਦੇ ਹਮਲਿਆਂ ਦਾ ਮਾਸਟਰਮਾਈਂਡ ਵੀ ਹੈ। ਇਸ ਅੱਤਵਾਦੀ ਹਮਲੇ 'ਚ ਅਮਰੀਕੀ ਨਾਗਰਿਕਾਂ ਸਮੇਤ 160 ਤੋਂ ਵੱਧ ਲੋਕ ਮਾਰੇ ਗਏ ਸਨ। ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨ ਚੁੱਕੇ ਹਨ।
ਅਮਰੀਕਾ ਨੇ ਹਾਫਿਜ਼ ਸਈਦ ਅਤੇ ਉਸ ਦੇ ਸੰਗਠਨ 'ਤੇ ਇਨਾਮ ਦਾ ਐਲਾਨ ਵੀ ਕੀਤਾ ਹੈ। ਹਾਫਿਜ਼ ਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਹੈ। ਇਸ ਅੱਤਵਾਦੀ ਸੰਗਠਨ 'ਤੇ ਕਰੀਬ 1 ਕਰੋੜ ਡਾਲਰ ਦਾ ਇਨਾਮ ਹੈ। ਹਾਫਿਜ਼ ਸਈਦ ਅੱਤਵਾਦੀ ਫੰਡਿੰਗ ਮਾਮਲੇ 'ਚ ਜੇਲ 'ਚ ਬੰਦ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਏ ਰੱਖਣ ਦਾ ਇਰਾਦਾ ਰੱਖਦਾ ਹੈ ਅਤੇ ਅੱਤਵਾਦ ਨੂੰ ਨੱਥ ਪਾਉਣ ਦਾ ਇਰਾਦਾ ਰੱਖਦਾ ਹੈ ਤਾਂ ਉਸ ਨੂੰ ਇਸ ਹਵਾਲਗੀ ਦੀ ਬੇਨਤੀ ਬਾਰੇ ਹਾਂ-ਪੱਖੀ ਕਦਮ ਚੁੱਕਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਤੇ ਸਰਹੱਦ ਪਾਰ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਦਾਊਦ ਇਬਰਾਹਿਮ ਵਰਗੇ ਅੱਤਵਾਦੀਆਂ ਨੂੰ ਵੀ ਪਨਾਹ ਦਿੱਤੀ ਹੋਈ ਹੈ ਜੋ ਭਾਰਤ ਵਿਰੁੱਧ ਅੱਤਵਾਦੀ ਸਾਜ਼ਿਸ਼ਾਂ ਵਿਚ ਸ਼ਾਮਲ ਸਨ।