ਲੰਡਨ:ਬ੍ਰਿਟੇਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ ‘ਸੁਰੱਖਿਅਤ ਰਾਜਾਂ’ ਦੀ ਸੂਚੀ ਵਿੱਚ ਸ਼ਾਮਲ ਕਰੇਗੀ। ਇਸ ਫੈਸਲੇ ਤੋਂ ਬਾਅਦ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ 'ਚ ਦਾਖਲ ਹੋਏ ਭਾਰਤੀ ਉਥੇ ਸਿਵਲ ਸ਼ਰਨ ਨਹੀਂ ਲੈ ਸਕਣਗੇ। ਇਸ ਨਾਲ ਭਾਰਤ ਤੋਂ ਗੈਰ-ਕਾਨੂੰਨੀ ਢੰਗ ਨਾਲ ਯਾਤਰਾ ਕਰਨ ਵਾਲੇ ਲੋਕਾਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ। ਇਸ ਦੇ ਨਾਲ ਹੀ ਛੋਟੀਆਂ ਕਿਸ਼ਤੀਆਂ 'ਤੇ ਜਾਂ ਗੈਰ-ਕਾਨੂੰਨੀ ਢੰਗ ਨਾਲ ਦੂਜੇ ਰਸਤਿਆਂ ਰਾਹੀਂ ਆਉਣ ਵਾਲੇ ਭਾਰਤੀ ਨਾਗਰਿਕਾਂ ਦੇ ਸ਼ਰਣ ਦੇ ਸਾਰੇ ਦਾਅਵੇ ਅਯੋਗ ਮੰਨੇ ਜਾਣਗੇ। ਉਨ੍ਹਾਂ ਬਾਰੇ ਕੋਈ ਅਪੀਲ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਸੁਰੱਖਿਅਤ ਰਾਜਾਂ' ਦੀ ਸੂਚੀ ਵਿਚ ਸ਼ਾਮਲ ਭਾਰਤ :ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਭਾਰਤ ਅਤੇ ਜਾਰਜੀਆ ਨੂੰ 'ਸੁਰੱਖਿਅਤ ਰਾਜਾਂ' ਦੀ ਸੂਚੀ ਵਿਚ ਸ਼ਾਮਲ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ 'ਗੈਰ-ਕਾਨੂੰਨੀ ਪਰਵਾਸ ਐਕਟ 2023' ਨੂੰ ਲਾਗੂ ਕਰਨ ਅਤੇ ਕਿਸ਼ਤੀਆਂ ਨੂੰ ਰੋਕਣ ਦੀ ਯੋਜਨਾ 'ਚ ਇਕ ਹੋਰ ਕਦਮ ਹੋਵੇਗਾ। ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਕਿਹਾ ਕਿ ਸੰਸਦ ਵਿੱਚ ਅੱਜ (ਬੁੱਧਵਾਰ 8 ਨਵੰਬਰ) ਪੇਸ਼ ਕੀਤਾ ਗਿਆ ਖਰੜਾ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।