ਚੰਡੀਗੜ੍ਹ: ਕਾਂਗਰਸ ਆਗੂ ਰਾਹੁਲ ਗਾਂਧੀ ਦਾ ਅਮਰੀਕੀ ਦੌਰਾ ਭਾਵੇਂ ਸਿਆਸੀ ਕਾਰਣਾਂ ਕਰਕੇ ਸੁਰਖੀਆਂ ਵਿੱਚ ਰਿਹਾ ਹੈ ਪਰ ਅਮਰੀਕਾ ਵਿੱਚ ਵੀ ਭਾਰਤੀਆਂ ਨਾਲ ਰਾਹੁਲ ਗਾਂਧੀ ਨੇੜਤਾ ਵਧਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਦਰਅਸਲ ਰਾਹੁਲ ਗਾਂਧੀ ਦੀ ਟੀਮ ਨੇ ਸੋਸ਼ਲ ਮੀਡੀਆ ਉੱਤੇ ਕਰੀਬ ਸਾਢੇ 9 ਮਿੰਟ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਟਰੱਕ ਡਰਾਈਵਰ ਤਜਿੰਦਰ ਸਿੰਘ ਦੇ ਨਾਲ ਟਰੱਕ ਵਿੱਚ ਕਰੀਬ 190 ਕਿਲੋਮੀਟਰ ਦਾ ਸਫਰ ਵਾਸ਼ਿਗਟਨ ਤੋਂ ਨਿਊਯਾਰਕ ਤੱਕ ਤੈਅ ਕੀਤਾ ਹੈ।
ਕਮਾਈ ਬਾਰੇ ਰਾਹੁਲ ਨੇ ਪੁੱਛਿਆ ਸਵਾਲ:ਇਸ ਰੋਚਕ ਸਫ਼ਰ ਦੌਰਾਨ ਰਾਹੁਲ ਗਾਂਧੀ ਨੇ ਜਿੱਥੇ ਟਰੱਕ ਡਰਾਈਵਰ ਨੂੰ ਉਨ੍ਹਾਂ ਦੇ ਕੰਮ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਉੱਥੇ ਹੀ ਇਹ ਵੀ ਜਾਣਕਾਰੀ ਲਈ ਕਿ ਉਹ ਮਹੀਨੇ ਦੇ ਕਿੰਨੇ ਰੁਪਏ ਕਮਾ ਲੈਂਦੇ ਹਨ। ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦਿੰਦਿਆਂ ਟਰੱਕ ਡਰਾਈਵਰ ਤਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਮਾਮ ਖਰਚੇ ਕੱਢ ਕੇ ਉਹ ਮਹੀਨੇ ਦੇ 8 ਤੋਂ 10 ਹਜ਼ਾਰ ਡਾਲਰ ਬਚਾ ਲੈਦੇ ਹਨ। ਉਸ ਨੇ ਕਿਹਾ ਕਿ ਭਾਰਤ ਦੇ ਹਿਸਾਬ ਨਾਲ ਉਨ੍ਹਾਂ ਦੀ ਮਹੀਨੇ ਦੀ ਕਮਾਈ ਕਰੀਬ ਅੱਠ ਲੱਖ ਰੁਪਏ ਬਣ ਜਾਂਦੀ ਹੈ।
ਸਫਰ ਦੌਰਾਨ ਵੱਜੇ ਮਰਹੂਮ ਮੂਸੇਵਾਲਾ ਦੇ ਗਾਣੇ:ਵੀਡੀਓ ਵਿੱਚ ਟਰੱਕ ਡਰਾਈਵਰ ਤਜਿੰਦਰ ਨੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਕਿ ਕੀ ਤੁਸੀਂ ਗਾਣੇ ਸੁਣਦੇ ਹੋ ਤਾਂ ਰਾਹੁਲ ਗਾਂਧੀ ਨੇ ਉਸ ਨੂੰ ਮਸ਼ਹੂਰ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ 295 ਲਗਾਉਣ ਲਈ ਕਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦਾ ਹਿੱਸਾ ਸੀ ਅਤੇ ਉਸ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਵੀ 295 ਗਾਣਾ ਬਹੁਤ ਪਸੰਦ ਸੀ ਅਤੇ ਉਨ੍ਹਾਂ ਨੂੰ ਵੀ ਇਹ ਗਾਣਾ ਬਹੁਤ ਪਸੰਦ ਹੈ। ਸਫਰ ਦੌਰਾਨ ਮੂਸੇਵਾਲਾ ਦਾ 295 ਗਾਣਾ ਟਰੱਕ ਵਿੱਚ ਰਾਹੁਲ ਗਾਂਧੀ ਦੀ ਫਰਮਾਇਸ਼ ਉੱਤੇ ਚਲਾਇਆ ਗਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਰੱਕ ਡਰਾਈਵਰ ਨਾਲ ਖਾਣਾ ਖਾਧਾ ਅਤੇ ਆਸਪਾਸ ਮੌਜੂਦ ਲੋਕਾਂ ਨੇ ਰਾਹੁਲ ਗਾਂਧੀ ਨਾਲ ਤਸਵੀਰਾਂ ਵੀ ਖਿਚਵਾਈਆਂ।
ਵਿਵਾਦਾਂ 'ਚ ਰਿਹਾ ਦੌਰਾ: ਦੱਸ ਦਈਏ ਰਾਹੁਲ ਗਾਂਧੀ ਦਾ ਇਹ ਦੌਰਾ ਵਿਰੋਧੀਆ ਨੇ ਕਈ ਵਾਰ ਨਿਸ਼ਾਨੇ ਉੱਤੇ ਲਿਆ। ਭਾਜਪਾ ਦੇ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ ਵਿੱਚ ਜਾਕੇ ਕਾਂਗਰਸ ਪਾਰਟੀ ਨੂੰ ਮਹਾਨ ਦੱਸਣ ਲਈ ਦੇਸ਼ ਦੇ ਸੰਵਿਧਾਨ ਦੀ ਬੇਇੱਜ਼ਤੀ ਕਰ ਰਹੇ ਨੇ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਸੀ ਕਿ ਸਿਆਸਤ ਨੂੰ ਚਮਕਾਉਣ ਲਈ ਰਾਹੁਲ ਦੇਸ਼ ਦੀ ਵੀ ਬਦਨਾਮੀ ਕਰ ਸਕਦੇ ਨੇ।