ਦੋਹਾ:ਇਜ਼ਰਾਈਲ ਅਤੇ ਹਮਾਸ ਵਿਚਾਲੇ ਚਾਰ ਦਿਨ ਦੀ ਜੰਗਬੰਦੀ ਸ਼ੁੱਕਰਵਾਰ ਸਵੇਰ ਤੋਂ ਸ਼ੁਰੂ ਹੋ ਜਾਵੇਗੀ। ਨਾਗਰਿਕ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਰਿਹਾਅ ਕੀਤਾ ਜਾਵੇਗਾ। ਸੀਐਨਐਨ ਦੀ ਰਿਪੋਰਟ ਮੁਤਾਬਕ ਕਤਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਇਸ ਸਬੰਧ 'ਚ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਸ਼ਾਮ 4 ਵਜੇ 13 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ। ਅਲ-ਅੰਸਾਰੀ ਮੁਤਾਬਕ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਇਜ਼ਰਾਇਲੀ ਖੁਫੀਆ ਸੇਵਾ ਮੋਸਾਦ ਨੂੰ ਭੇਜ ਦਿੱਤੀ ਗਈ ਹੈ।
ਕਤਰ ਦੇ ਬੁਲਾਰੇ ਨੇ ਕਿਹਾ ਕਿ ਮੋਸਾਦ ਕਤਰ ਨੂੰ ਫਲਸਤੀਨੀ ਕੈਦੀਆਂ ਦੀ ਸੂਚੀ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ। ਸੀਐਨਐਨ ਮੁਤਾਬਕ ਅਧਿਕਾਰੀ ਨੇ ਅੱਗੇ ਕਿਹਾ ਕਿ ਦੋਵੇਂ ਸੂਚੀਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਅਸੀਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵਾਂਗੇ।