ਚੰਡੀਗੜ੍ਹ ਡੈਸਕ :ਪਾਕਿਸਤਾਨ ਵਿੱਚ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਾਜੌਰ 'ਚ ਜੇਯੂਆਈ-ਐੱਫ ਦੇ ਵਰਕਰ ਸੰਮੇਲਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ ਹੋ ਗਈ ਹੈ, ਜਦਕਿ 200 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ।
ਜਮੀਅਤ ਉਲੇਮਾ ਇਸਲਾਮ-ਫਜ਼ਲ ਦੀ ਕਾਨਫਰੰਸ ਵਿੱਚ ਧਮਾਕਾ :ਜਾਣਕਾਰੀ ਮੁਤਾਬਿਕ ਪਾਕਿਸਤਾਨ ਵਿੱਚ ਇਹ ਵੱਡਾ ਧਮਾਕਾ ਖੈਬਰ ਪਖਤੂਨਖਵਾ ਦੇ ਬਜੌਰ ਜ਼ਿਲੇ ਦੀ ਖਾਰ ਤਹਿਸੀਲ 'ਚ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਧਮਾਕਾ ਜਮੀਅਤ ਉਲੇਮਾ ਇਸਲਾਮ-ਫਜ਼ਲ ਯਾਨੀ ਕਿ ਜੇਯੂਐੱਫ ਦੀ ਕਾਨਫਰੰਸ ਦਰਮਿਆਨ ਹੋਇਆ ਹੈ। ਇਸ ਧਮਾਕੇ ਨਾਲ ਮੌਕੇ ਉੱਤੇ ਭੱਜਨੱਠ ਮਚ ਗਈ। ਮੌਕੇ ਉੱਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜ ਰਹੇ ਸਨ। ਮੌਕੇ ਉੱਤੇ ਧਮਾਕੇ ਕਾਰਨ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਬਾਰੇ ਅਧਿਕਾਰੀਆਂ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਦੂਜੇ ਪਾਸੇ ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਇਸ ਬੰਬ ਧਮਾਕੇ 'ਚ ਜਮੀਅਤ ਉਲੇਮਾ ਇਸਲਾਮ-ਫਜ਼ਲ ਦੇ ਪ੍ਰਮੁੱਖ ਲੀਡਰ ਮੌਲਾਨਾ ਜ਼ਿਆਉੱਲਾ ਜਾਨ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਧਮਕੇ ਕਾਰਨ ਜ਼ਖਮੀਆਂ ਨੂੰ ਪੇਸ਼ਾਵਰ ਅਤੇ ਤਿਮਾਰਗੇਰਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਮੌਕੇ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਪਾਕਿਸਤਾਨ ਦੀ ਜੀਓ ਨਿਊਜ਼ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਕਰਮੀਆਂ ਨੇ ਇਸ ਧਮਾਕੇ ਵਾਲੇ ਇਲਾਕੇ ਦੀ ਘੇਰਾਬੰਦੀ ਵੀ ਕਰ ਦਿੱਤੀ ਹੈ। ਰੈਸਕਿਊ 1122 ਦੇ ਬੁਲਾਰੇ ਬਿਲਾਲ ਫੈਜ਼ੀ ਨੇ ਦੱਸਿਆ ਕਿ 5 ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ ਹਨ। ਉੱਧਰ ਏਐੱਨਆਈ ਦੀ ਖਬਰ ਮੁਤਾਬਿਕ ਜੀਓ ਨਿਊਜ਼ ਦਾ ਕੈਮਰਾਮੈਨ ਸਮੀਉੱਲਾ ਜ਼ਖ਼ਮੀਆਂ ਵਿੱਚੋਂ ਇੱਕ ਸੀ ਅਤੇ ਹੁਣ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੋਅਰ ਦੀਰ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਭੇਜਿਆ ਗਿਆ ਹੈ।
ਧਮਾਕੇ ਦੇ ਕਾਰਣ ਨਹੀਂ ਪਤਾ :ਰਿਪੋਰਟਾਂ ਅਨੁਸਾਰ ਧਮਾਕਾ ਕਾਨਫਰੰਸ ਦੇ ਅੰਦਰ ਹੋਇਆ ਅਤੇ ਕਾਨੂੰਨ ਪ੍ਰਬੰਧ ਲਈ ਜਿੰਮੇਦਾਰ ਅਧਿਕਾਰੀਆਂ ਦੁਆਰਾ ਖੇਤਰ ਨੂੰ ਸੀਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਪਤਾ ਨਹੀਂ ਲਗਾਇਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਕਥਿਤ ਤੌਰ 'ਤੇ ਧਮਾਕਾ ਸੰਮੇਲਨ ਦੇ ਅੰਦਰ ਹੋਇਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ ਹੈ। ਇਸੇ ਤਰ੍ਹਾਂ ਡਾਨ ਦੀ ਰਿਪੋਰਟ ਮੁਤਾਬਿਕ ਜੇਯੂਆਈ-ਐਫ ਦੇ ਨੇਤਾ ਨੇ ਕਿਹਾ ਕਿ ਮੈਂ ਧਮਾਕੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਇਸਦੇ ਪਿੱਛੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਹ ਜਿਹਾਦ ਨਹੀਂ ਬਲਕਿ ਅੱਤਵਾਦ ਹੈ। ਇਹ ਘਟਨਾ ਮਨੁੱਖਤਾ ਅਤੇ ਬਜੌਰ 'ਤੇ ਹਮਲਾ ਹੈ। (ਏਜੰਸੀ)