ਬੀਜਿੰਗ/ਚੇਂਗਦੂ: ਚੀਨ ਦੇ ਸਿਚੁਆਨ ਸੂਬੇ ਦੇ ਲੁਡਿੰਗ ਕਾਉਂਟੀ ਵਿੱਚ ਆਏ ਜ਼ਬਰਦਸਤ ਭੂਚਾਲ (EARTHQUAKE IN CHINA) ਕਾਰਨ ਕਈ ਇਮਾਰਤਾਂ ਦੇ ਨੁਕਸਾਨੇ ਜਾਣ ਤੋਂ ਬਾਅਦ 50,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਦੀ ਲੁਡਿੰਗ ਕਾਉਂਟੀ 'ਚ ਸੋਮਵਾਰ ਨੂੰ 6.8 ਤੀਬਰਤਾ ਦਾ ਭੂਚਾਲ ਆਇਆ। ਇਸ ਸ਼ਕਤੀਸ਼ਾਲੀ ਭੂਚਾਲ ਅਤੇ ਜ਼ਮੀਨ ਖਿਸਕਣ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ। ਸਿਚੁਆਨ ਸੂਬੇ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਡਿਪਟੀ ਡਾਇਰੈਕਟਰ ਵਾਂਗ ਫੇਂਗ ਨੇ ਚੇਂਗਦੂ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਵਾਰ ਰਾਤ ਤੱਕ 16 ਲੋਕ ਲਾਪਤਾ ਹਨ ਅਤੇ 50 ਤੋਂ ਵੱਧ ਜ਼ਖ਼ਮੀ ਹਨ।
ਸਰਕਾਰੀ ਸਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ, ਭੂਚਾਲ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਗਰਜੇ ਤਿੱਬਤੀ ਆਟੋਨੋਮਸ ਖੇਤਰ ਦੇ ਮੋਕਸ਼ੀ ਸ਼ਹਿਰ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਇਆ। ਉੱਥੇ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮੀਅਨ ਕਾਉਂਟੀ ਵਿਚ ਭੂਚਾਲ ਵਿਚ 28 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 248 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੋਕਸ਼ੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿੱਚੋਂ ਤਿੰਨ ਹੇਲੁਓਗੋ ਸੀਨਿਕ ਏਰੀਆ ਦੇ ਕਰਮਚਾਰੀ ਸਨ। 50,000 ਤੋਂ ਵੱਧ ਲੋਕਾਂ ਨੂੰ ਉਥੋਂ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਠਹਿਰਨ ਲਈ ਟੈਂਟ ਲਗਾਏ ਜਾ ਰਹੇ ਹਨ।