ਰਬਾਤ:ਮੋਰੱਕੋ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਭੂਚਾਲ ਕਾਰਨ ਜਾਨ-ਮਾਲ ਦੇ ਭਾਰੀ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਮੋਰੱਕੋ ਵਿੱਚ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਿਕ ਇਸ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2,000 ਨੂੰ ਪਾਰ ਕਰ ਗਈ ਹੈ ਅਤੇ 2,059 ਹੋਰ ਜ਼ਖਮੀ ਹੋ ਗਏ ਹਨ, ਜਦਕਿ ਕਈ ਲੋਕ ਬੇਘਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗਿਣਤੀ ਹੋਰ ਵਧ ਸਕਦੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੇਸ਼ ਵਿੱਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਫੌਜ ਦੇ ਇੱਕ ਬਿਆਨ ਅਨੁਸਾਰ, ਮੋਰੱਕੋ ਦੇ ਕਿੰਗ ਮੁਹੰਮਦ ਨੇ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਅਤੇ ਇੱਕ ਸਰਜੀਕਲ ਫੀਲਡ ਹਸਪਤਾਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਮੋਰੋਕੋ ਦੇ ਉੱਚ ਐਟਲਸ ਪਹਾੜਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਦੇ ਸ਼ਹਿਰ ਮਾਰਾਕੇਸ਼ ਵਿੱਚ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ, ਪਰ ਜ਼ਿਆਦਾਤਰ ਨੁਕਸਾਨ ਅਲ-ਹੌਜ਼ ਅਤੇ ਤਾਰੋਡੈਂਟ ਪ੍ਰਾਂਤਾਂ ਦੇ ਦੱਖਣ ਵੱਲ ਪਹਾੜੀ ਖੇਤਰਾਂ ਵਿੱਚ ਦਰਜ ਕੀਤਾ ਗਿਆ ਸੀ। ਇਸ ਦੌਰਾਨ ਖੋਜ ਅਤੇ ਬਚਾਅ ਕਾਰਜਾਂ ਲਈ ਸੜਕਾਂ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭੂਚਾਲ 03:41:01 (UTC+05:30) 'ਤੇ 18.5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦੀ ਤੀਬਰਤਾ ਕਾਰਨ ਦੱਖਣ ਵਿੱਚ ਸਿਦੀ ਇਫਨੀ ਤੋਂ ਲੈ ਕੇ ਉੱਤਰ ਵਿੱਚ ਰਬਾਤ ਤੱਕ ਦਰਾਰਾਂ ਫੈਲ ਗਈਆਂ।