ਹਵਾਨਾ:ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਸੋਮਵਾਰ ਨੂੰ ਇੱਕ ਆਲੀਸ਼ਾਨ ਹੋਟਲ ਦੇ ਮਲਬੇ ਵਿੱਚੋਂ ਕੁਝ ਹੋਰ ਲਾਸ਼ਾਂ ਕੱਢੀਆਂ ਗਈਆਂ, ਜਿਸ ਨਾਲ ਹੋਟਲ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ। ਹਵਾਨਾ ਦੇ 96 ਕਮਰਿਆਂ ਵਾਲੇ ਪੰਜ ਤਾਰਾ ਹੋਟਲ ਸਾਰਾਟੋਗਾ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਧਮਾਕਾ ਹੋਇਆ ਸੀ।
ਇਹ ਉਨ੍ਹੀਵੀਂ ਸਦੀ ਦਾ ਹੋਟਲ ਓਲਡ ਹਵਾਨਾ ਵਿੱਚ ਸਥਿਤ ਹੈ। ਧਮਾਕੇ ਦੇ ਸਮੇਂ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹੋਟਲ ਨੂੰ ਮੰਗਲਵਾਰ ਨੂੰ ਖੋਲ੍ਹਣ ਦੀ ਯੋਜਨਾ ਸੀ। ਧਮਾਕੇ 'ਚ ਹੋਟਲ ਦੇ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਿਹਤ ਮੰਤਰਾਲੇ ਵਿੱਚ ਹਸਪਤਾਲ ਸੇਵਾਵਾਂ ਦੇ ਮੁਖੀ ਡਾਕਟਰ ਜੂਲੀਓ ਗੁਆਰਾ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਵਿੱਚ ਮਲਬੇ ਵਿੱਚੋਂ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ। ਗੁਆਰਾ ਨੇ ਦੱਸਿਆ ਕਿ ਧਮਾਕੇ 'ਚ ਜ਼ਖਮੀ 18 ਲੋਕ ਹਸਪਤਾਲ 'ਚ ਭਰਤੀ ਹਨ। ਡੌਗ ਸਕੁਐਡ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ।