ਲੰਡਨ : ਬਰਤਾਨੀਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਉੱਤਰ-ਪੱਛਮੀ ਇੰਗਲੈਂਡ ਵਿੱਚ ਕਾਰ ਵਿਚ ਸਫਰ ਦੌਰਾਨ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਅਪਲੋਡ ਕੀਤੀ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੀਐੱਮ ਵੱਲੋਂ ਸੀਟ ਬੈਲਟ ਨਹੀਂ ਪਾਈ ਗਈ। ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਪੀਐੱਮ ਨੇ ਥੋੜ੍ਹੇ ਸਮੇਂ ਲਈ ਆਪਣੀ ਸੀਟ ਬੈਲਟ ਨੂੰ ਖੋਲ੍ਹਿਆ ਸੀ ਅਤੇ ਪੀਐੱਮ ਨੇ ਮੰਨਿਆ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਯੂਕੇ ਵਿਚ ਇੱਕ ਕਾਰ ਵਿੱਚ ਸੀਟ ਬੈਲਟ ਨਾ ਲਾਉਣ 'ਤੇ 100 ਪਾਊਂਡ ਦਾ ਮੌਕੇ 'ਤੇ ਜੁਰਮਾਨਾ ਹੋ ਸਕਦਾ ਹੈ, ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ ਤਾਂ ਇਹ ਵੱਧ ਕੇ 500 ਪਾਊਂਡ ਹੋ ਸਕਦਾ ਹੈ।
ਦਰਅਸਲ, ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੇ ਨਵੇਂ ਲੈਵਲਿੰਗ ਅਪ ਫੰਡ ਦੇ ਐਲਾਨਾਂ ਨੂੰ ਪ੍ਰਮੋਟ ਕਰਨ ਲਈ ਇੱਕ ਵੀਡੀਓ ਬਣਾਇਆ, ਜਿਸ ਵਿੱਚ ਉਨ੍ਹਾਂ ਦੀ ਕਾਰ ਪੁਲਿਸ ਦੇ ਮੋਟਰਸਾਈਕਲਾਂ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਨੇ ਪੀਐਮ ਰਿਸ਼ੀ ਸੁਨਕ 'ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਲੇਬਰ ਪਾਰਟੀ ਨੇ ਪੀਐੱਮ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, 'ਇਸ ਦੇਸ਼ ਵਿੱਚ ਪੀਐੱਮ ਰਿਸ਼ੀ ਸੁਨਕ ਦੀ ਸੀਟ ਬੈਲਟ, ਉਨ੍ਹਾਂ ਦਾ ਡੈਬਿਟ ਕਾਰਡ, ਟ੍ਰੇਨ ਸਰਵਿਸ ਅਤੇ ਅਰਥਵਿਵਸਥਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀਐੱਮ ਸੁਨਕ ਦੇਸ਼ ਦੇ ਉੱਤਰ ਵਿੱਚ ਉਡਾਣ ਭਰਨ ਲਈ ਰਾਇਲ ਏਅਰ ਫੋਰਸ (ਆਰਏਐਫ) ਜੈੱਟ ਦੀ ਵਰਤੋਂ ਕਰ ਰਹੇ ਸਨ। ਇਸ ਕਾਰਨ ਰਿਸ਼ੀ ਸੁਨਕ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ।