ਵਾਸ਼ਿੰਗਟਨ:ਬਾਈਡਨ ਪ੍ਰਸ਼ਾਸਨ ਦੀ ਤਾਇਵਾਨ ਨੂੰ 1.1 ਬਿਲੀਅਨ ਡਾਲਰ ਦੇ ਹਥਿਆਰਾਂ ਦੀ ਵਿਕਰੀ ਲਈ ਕਾਂਗਰਸ ਦੀ ਮਨਜ਼ੂਰੀ ਲੈਣ ਦੀ ਯੋਜਨਾ ਹੈ। ਇਸ ਸਬੰਧੀ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਸੌਦੇ ਵਿੱਚ ਲੜਾਕੂ ਜਹਾਜ਼ਾਂ ਅਤੇ ਜਹਾਜ਼ ਵਿਰੋਧੀ ਪ੍ਰਣਾਲੀਆਂ ਦੇ ਨਾਲ ਸੈਂਕੜੇ ਮਿਜ਼ਾਈਲਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਸਪੁਟਨਿਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਸ ਸੌਦੇ ਵਿੱਚ 60 ਐਂਟੀ-ਸ਼ਿਪ ਹਾਰਪੂਨ ਮਿਜ਼ਾਈਲਾਂ, 100 ਸਾਈਡਵਿੰਡਰ ਏਅਰ-ਟੂ-ਏਅਰ ਮਿਜ਼ਾਈਲਾਂ ਅਤੇ ਇੱਕ ਨਿਗਰਾਨੀ ਰਾਡਾਰ ਲਈ ਇਕਰਾਰਨਾਮੇ ਦਾ ਵਿਸਤਾਰ ਸ਼ਾਮਲ ਹੋਵੇਗਾ। ਚੀਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਤਾਇਵਾਨ ਦੇ ਆਲੇ-ਦੁਆਲੇ ਆਪਣੀ ਸਭ ਤੋਂ ਵੱਡੀ ਜੰਗੀ ਅਭਿਆਸ ਕੀਤਾ।
ਪੇਲੋਸੀ 25 ਸਾਲਾਂ ਵਿੱਚ ਇਸ ਟਾਪੂ ਦਾ ਦੌਰਾ ਕਰਨ ਵਾਲੀ ਪਹਿਲੀ ਉੱਚ ਦਰਜੇ ਦੀ ਅਮਰੀਕੀ ਨੇਤਾ ਸੀ। ਉਸ ਦੇ ਜਾਣ ਤੋਂ ਬਾਅਦ, ਚੀਨ ਨੇ ਟਾਪੂ ਦੇ ਨੇੜੇ ਕਈ ਦਿਨਾਂ ਤੱਕ ਫੌਜੀ ਅਭਿਆਸ ਕਰ ਕੇ ਤਾਇਵਾਨ ਨੂੰ ਜਵਾਬ ਦਿੱਤਾ। ਇਸ ਸਭ ਦੇ ਵਿਚਕਾਰ, ਤਾਇਵਾਨ ਨੇ 2023 ਲਈ ਰੱਖਿਆ ਲਈ 17.3 ਬਿਲੀਅਨ ਡਾਲਰ ਦੇ ਬਜਟ ਦਾ ਪ੍ਰਸਤਾਵ ਕੀਤਾ ਹੈ। ਜੋ ਕਿ ਪਿਛਲੇ ਬਜਟ ਨਾਲੋਂ 14.9 ਫੀਸਦੀ ਵੱਧ ਹੈ। ਤਾਇਵਾਨ ਨੂੰ ਸੰਭਾਵੀ ਅਮਰੀਕੀ ਹਥਿਆਰਾਂ ਦੀ ਵਿਕਰੀ ਬਾਰੇ ਰਿਪੋਰਟਾਂ ਦੇ ਜਵਾਬ ਵਿੱਚ, ਵਾਸ਼ਿੰਗਟਨ ਵਿੱਚ ਚੀਨੀ ਦੂਤਾਵਾਸ ਨੇ ਕਿਹਾ ਕਿ ਅਮਰੀਕਾ ਨੂੰ ਤੁਰੰਤ ਟਾਪੂ ਨੂੰ ਹਥਿਆਰ ਵੇਚਣਾ ਬੰਦ ਕਰ ਦੇਣਾ ਚਾਹੀਦਾ ਹੈ।