ਬੀਜਿੰਗ: ਐਂਟਨੀ ਬਲਿੰਕੇਨ ਐਤਵਾਰ (ਸਥਾਨਕ ਸਮੇਂ) ਨੂੰ ਚੀਨ ਪਹੁੰਚੇ। ਬਲਿੰਕਨ ਪੰਜ ਸਾਲਾਂ ਵਿੱਚ ਬੀਜਿੰਗ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਵਿਦੇਸ਼ ਮੰਤਰੀ ਹਨ। ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਬਲਿਕਨ ਚੀਨ ਦੇ ਦੋ ਦਿਨਾਂ ਦੌਰੇ 'ਤੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਇਸ ਸਮੇਂ ਇਤਿਹਾਸਕ ਪੱਧਰ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤਣਾਅ ਨੂੰ ਘੱਟ ਕਰਨ ਲਈ ਬਲਿੰਕੇਨ ਅਤੇ ਚੀਨੀ ਅਧਿਕਾਰੀਆਂ ਵਿਚਾਲੇ ਉੱਚ ਪੱਧਰੀ ਬੈਠਕ ਹੋਵੇਗੀ।
ਹਾਲ ਹੀ ਦੇ ਸਮੇਂ ਵਿਚ ਚੀਨ ਅਤੇ ਅਮਰੀਕਾ ਨੇ ਇਕ ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਚਾਹੇ ਇਹ ਅਮਰੀਕਾ ਦਾ ਚੀਨ 'ਤੇ ਜਾਸੂਸੀ ਗੁਬਾਰੇ ਦੀ ਵਰਤੋਂ ਕਰਨ ਦਾ ਦੋਸ਼ ਹੋਵੇ ਜਾਂ ਕੋਵਿਡ-19 ਬਾਰੇ ਜਾਣਕਾਰੀ ਲੁਕਾਉਣ ਦਾ ਹੋਵੇ। ਚੀਨ ਅਮਰੀਕਾ 'ਤੇ 'ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਦੋਸ਼ ਲਗਾਉਣ', 'ਧਮਕਾਉਣ' ਅਤੇ ਚੀਨ ਦੇ ਸਿਆਸੀ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਵੀ ਲਾਉਂਦਾ ਰਿਹਾ ਹੈ। ਖਾਸ ਤੌਰ 'ਤੇ ਤਾਈਵਾਨ ਅਤੇ ਇੰਡੋ-ਪੈਸੀਫਿਕ ਖੇਤਰ 'ਚ ਅਮਰੀਕਾ ਦੀ ਵਧਦੀ ਦਿਲਚਸਪੀ ਨੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਨੂੰ ਵਧਾ ਦਿੱਤਾ ਸੀ।
ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰੀ ਕਿਨ ਗੈਂਗ ਨੇ ਬਲਿੰਕਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਅਮਰੀਕਾ ਨੂੰ ਤਾਈਵਾਨ 'ਤੇ ਬੀਜਿੰਗ ਦੀ ਸਥਿਤੀ ਪ੍ਰਤੀ 'ਸਤਿਕਾਰ ਦਿਖਾਉਣ' ਲਈ ਕਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅਮਰੀਕਾ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ।
ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਜੋ ਬਾਈਡਨ ਚੀਨ ਨਾਲ ਸ਼ਾਂਤੀਪੂਰਨ ਸਥਿਤੀ ਨੂੰ ਬਹਾਲ ਕਰਨਾ ਚਾਹੁੰਦੇ ਹਨ। ਇਸੇ ਲਈ ਉਸ ਨੇ ਬਲਿੰਕਨ ਨੂੰ ਚੀਨ ਭੇਜਿਆ ਹੈ। ਅਮਰੀਕਾ ਨੂੰ ਉਮੀਦ ਹੈ ਕਿ ਬਲਿੰਕਨ ਦੀ ਇਸ ਯਾਤਰਾ ਨਾਲ ਦੁਵੱਲੇ ਅਤੇ ਵਿਸ਼ਵ ਮੁੱਦਿਆਂ 'ਤੇ ਚੀਨ ਨਾਲ ਵਧੀ ਕੁੜੱਤਣ ਘੱਟ ਹੋਵੇਗੀ। ਪਿਛਲੇ ਮਹੀਨੇ ਰਾਸ਼ਟਰਪਤੀ ਜੋ ਬਾਈਡਨ ਨੇ ਭਵਿੱਖਬਾਣੀ ਕੀਤੀ ਸੀ ਕਿ ਚੀਨ ਦਾ ਗੁੱਸਾ ਠੰਢਾ ਹੋ ਜਾਵੇਗਾ। ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਬਲਿੰਕੇਨ ਦਾ ਦੌਰਾ ਅਮਰੀਕਾ ਅਤੇ ਚੀਨੀ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦੀ ਇੱਕ ਨਵੀਂ ਲੜੀ ਦੀ ਸ਼ੁਰੂਆਤ ਦਾ ਚਿੰਨ੍ਹ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਬਾਈਡਨ ਅਗਲੇ ਮਹੀਨੇ ਸ਼ੀ ਜਿਨਪਿੰਗ ਨਾਲ ਗੱਲਬਾਤ ਕਰ ਸਕਦੇ ਹਨ।
ਬਾਈਡਨ ਨੇ ਫਿਲਾਡੇਲਫੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਅਗਲੇ ਕਈ ਮਹੀਨਿਆਂ ਵਿੱਚ ਸ਼ੀ ਨਾਲ ਦੁਬਾਰਾ ਮੁਲਾਕਾਤ ਕਰਨ ਦੀ ਉਮੀਦ ਕਰ ਰਿਹਾ ਹਾਂ। ਅਸੀਂ ਆਪਣੇ ਜਾਇਜ਼ ਮਤਭੇਦਾਂ ਬਾਰੇ ਵੀ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਬਾਵਜੂਦ ਇਕੱਠੇ ਆਉਣਾ ਹੈ। ਦਿ ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਬਲਿੰਕੇਨ ਪੂਰੇ ਏਜੰਡੇ ਦੇ ਨਾਲ ਸਵੇਰੇ ਬੀਜਿੰਗ ਪਹੁੰਚੇ। ਜਿੱਥੇ ਉਹ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਵਿਦੇਸ਼ ਨੀਤੀ ਅਧਿਕਾਰੀ ਵਾਂਗ ਯੀ, ਅਮਰੀਕੀ ਵਪਾਰਕ ਨੇਤਾਵਾਂ, ਅਮਰੀਕੀ ਦੂਤਾਵਾਸ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ।
ਵਿਦੇਸ਼ ਵਿਭਾਗ ਦੇ ਬਿਆਨ ਮੁਤਾਬਕ ਸਕੱਤਰ ਬਲਿੰਕਨ ਪੀਆਰਸੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜਿੱਥੇ ਉਹ ਦੁਵੱਲੇ, ਗਲੋਬਲ ਅਤੇ ਖੇਤਰੀ ਮਾਮਲਿਆਂ ਅਤੇ ਸਾਂਝੀਆਂ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਸੰਭਾਵਿਤ ਸਹਿਯੋਗ ਨੂੰ ਵਧਾਉਣਗੇ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਵਰੀ 2023 'ਚ ਚੀਨ ਦਾ ਦੌਰਾ ਕਰਨਾ ਸੀ ਪਰ ਅਮਰੀਕਾ 'ਤੇ ਸ਼ੱਕੀ ਚੀਨੀ ਜਾਸੂਸੀ ਗੁਬਾਰੇ ਸੁੱਟੇ ਜਾਣ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਸੀ। (ਏਐੱਨਆਈ)