ਤੇਲ ਅਵੀਵ:ਇਜ਼ਰਾਈਲ-ਹਮਾਸ ਜੰਗ ਨੂੰ 4 ਦਿਨ ਹੋ ਗਏ ਹਨ। ਜਾਣਕਾਰੀ ਮੁਤਾਬਕ ਇਸ ਜੰਗ 'ਚ ਹੁਣ ਤੱਕ 1200 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੇ ਇਹ ਯੁੱਧ ਸ਼ੁਰੂ ਕੀਤਾ ਸੀ, ਪਰ ਇਜ਼ਰਾਈਲ ਇਸ ਨੂੰ ਖ਼ਤਮ ਕਰੇਗਾ। ਇਸ ਦੇ ਨਾਲ ਹੀ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਖੜ੍ਹਾ ਹੈ। ਉਹ ਹਰ ਸੰਭਵ ਤਰੀਕੇ ਨਾਲ ਮਦਦ ਕਰੇਗਾ। ਇਸ ਸਬੰਧ ਵਿਚ ਅਮਰੀਕੀ ਹਥਿਆਰਾਂ ਨਾਲ ਲੈਸ ਇਕ ਜਹਾਜ਼ ਮੰਗਲਵਾਰ ਦੇਰ ਸ਼ਾਮ ਦੱਖਣੀ ਇਜ਼ਰਾਈਲ ਪਹੁੰਚਿਆ ਹੈ। ਇਹ ਜਾਣਕਾਰੀ ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਦਿੱਤੀ ਹੈ।
ਅਮਰੀਕੀ ਹਥਿਆਰਾਂ ਦੀ ਸਹਾਇਤਾ:ਇਜ਼ਰਾਈਲੀ ਡਿਫੈਂਸ ਫੋਰਸ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕੀਤਾ ਕਿ ਅਮਰੀਕੀ ਹਥਿਆਰਾਂ ਨਾਲ ਲੈਸ ਇਕ ਜਹਾਜ਼ ਦੱਖਣੀ ਇਜ਼ਰਾਈਲ ਦੇ ਨੇਵਾਤਿਮ ਏਅਰਬੇਸ 'ਤੇ ਪਹੁੰਚ ਗਿਆ ਹੈ। ਹਾਲਾਂਕਿ, IDF ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਸ ਨੂੰ (US armaments arrive in Israel) ਕਿਸ ਕਿਸਮ ਦੇ ਹਥਿਆਰ ਜਾਂ ਫੌਜੀ ਉਪਕਰਣ ਮਿਲੇ ਹਨ। ਦੱਸ ਦੇਈਏ ਕਿ ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ਦੀ ਸੂਚਨਾ ਮਿਲਦੇ ਹੀ ਅਮਰੀਕਾ ਨੇ ਇਜ਼ਰਾਇਲ ਨੂੰ ਜੰਗੀ ਸਮੱਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਸੀ। ਇਜ਼ਰਾਇਲੀ ਰੱਖਿਆ ਬਲ ਨੇ ਪੋਸਟ 'ਚ ਅੱਗੇ ਲਿਖਿਆ ਕਿ ਜੰਗ ਦੌਰਾਨ ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣਾ ਸਾਡੀਆਂ ਫੌਜਾਂ ਵਿਚਾਲੇ ਸਹਿਯੋਗ ਦਾ ਅਹਿਮ ਹਿੱਸਾ ਹੈ।
ਨੇਤਨਯਾਹੂ ਲਗਾਤਾਰ ਬਾਈਡਨ ਦੇ ਸੰਪਰਕ 'ਚ :ਜਾਣਕਾਰੀ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਤੀਜੀ ਵਾਰ ਫੋਨ 'ਤੇ ਗੱਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਹਮਾਸ ਅੱਤਵਾਦੀ ਸੰਗਠਨ ਆਈਐਸਆਈਐਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਅਤੇ ਉਨ੍ਹਾਂ ਨਾਲ ਬੇਰਹਿਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਬਾਈਡਨ ਨੇ ਨੇਤਨਯਾਹੂ ਨੂੰ ਕਿਹਾ ਕਿ ਅਮਰੀਕਾ ਹਰ ਸਮੇਂ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਅਤੇ ਆਪਣੇ ਬਚਾਅ ਦੇ ਉਸ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ।
ਇਸ ਜੰਗ ਵਿੱਚ ਹਜ਼ਾਰਾਂ ਮੌਤਾਂ, ਜਖ਼ਮੀ ਅਤੇ ਲਾਪਤਾ :ਪੋਸਟ ਕਰਦੇ ਹੋਏ ਨੇਤਨਯਾਹੂ ਨੇ ਲਿਖਿਆ ਕਿ ਹਮਾਸ ਦੇ ਅੱਤਵਾਦੀਆਂ ਨੇ ਪੂਰੇ ਇਜ਼ਰਾਈਲ 'ਚ ਅੱਤਿਆਚਾਰ ਫੈਲਾਏ ਹਨ। ਉਹ ਨੌਜਵਾਨਾਂ ਦਾ ਕਤਲੇਆਮ ਕਰ ਰਹੇ ਹਨ ਅਤੇ ਦਰਜਨਾਂ ਬੱਚਿਆਂ ਨੂੰ ਅਗਵਾ ਕਰ ਚੁੱਕੇ ਹਨ। ਔਰਤਾਂ ਨਾਲ ਅੱਤਿਆਚਾਰ ਕੀਤਾ ਜਾ ਰਿਹਾ ਹੈ। ਅਜਿਹਾ ਭਿਆਨਕ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਜ਼ਰਾਈਲੀ ਰੱਖਿਆ ਬਲਾਂ ਨੇ ਕਿਹਾ ਕਿ ਹਮਾਸ ਦੇ ਖਿਲਾਫ ਲੜਾਈ ਵਿੱਚ ਇੱਕ ਹਜ਼ਾਰ ਤੋਂ ਵੱਧ ਇਜ਼ਰਾਈਲੀ ਮਾਰੇ ਗਏ ਹਨ, 2,800 ਤੋਂ ਵੱਧ ਜ਼ਖਮੀ ਹੋਏ ਹਨ ਅਤੇ 50 ਬੰਧਕ ਜਾਂ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। IDF ਨੇ ਕਿਹਾ ਕਿ ਹੁਣ ਤੱਕ ਗਾਜ਼ਾ ਤੋਂ ਇਜ਼ਰਾਈਲ 'ਤੇ 4,500 ਤੋਂ ਵੱਧ ਰਾਕੇਟ ਦਾਗੇ ਗਏ ਹਨ।
ਮਰਨ ਵਾਲਿਆਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ: ਦੂਜੇ ਪਾਸੇ ਇਜ਼ਰਾਈਲ ਦੇ ਜ਼ਬਰਦਸਤ ਜਵਾਬੀ ਹਮਲੇ ਤੋਂ ਬਾਅਦ ਹਵਾਈ ਹਮਲਿਆਂ 'ਚ 770 ਤੋਂ ਵੱਧ ਫਲਸਤੀਨੀ ਵੀ ਮਾਰੇ ਜਾ ਚੁੱਕੇ ਹਨ। ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 770 ਫਲਸਤੀਨੀ ਮਾਰੇ ਗਏ ਅਤੇ 4,000 ਜ਼ਖਮੀ ਹੋਏ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 140 ਬੱਚੇ ਅਤੇ 120 ਔਰਤਾਂ ਸ਼ਾਮਲ ਹਨ।