ਚੰਡੀਗੜ੍ਹ: ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਦੂਤਾਵਾਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਦੂਤਾਵਾਸਾਂ ਦਾ ਘਿਰਾਓ ਕੀਤਾ ਜਾਵੇਗਾ। ਪੰਨੂ ਦੇ ਇਸ ਐਲਾਨ ਦੇ ਅਗਲੇ ਹੀ ਦਿਨ ਭਾਵ 1 ਜੁਲਾਈ ਦੀ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਸ਼ਨੀਵਾਰ ਨੂੰ ਵਾਪਰੀ ਘਟਨਾ:ਇਸ ਘਟਨਾ ਵਿੱਚ ਦੂਤਾਵਾਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਇਹ ਘਟਨਾ ਘਟਨਾ ਸ਼ਨੀਵਾਰ ਨੂੰ ਵਾਪਰੀ ਹੈ ਤੇ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਦੀ ਜਾਣਕਾਰੀ ਮੰਗਲਵਾਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜ ਮਹੀਨਿਆਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕਾਂ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਵਿੱਚ ਇਸ ਦੂਤਘਰ ਦਾ ਘਿਰਾਓ ਕੀਤਾ ਸੀ।
ਘਟਨਾ ਦੀ ਵੀਡੀਓ ਵੀ ਕੀਤੀ ਜਾਰੀ:ਖਾਲਿਸਤਾਨੀ ਸਮਰਥਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ 'ਚ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੀਡੀਓ ਵਿੱਚ ਇਸ ਨੂੰ ਪਿਛਲੇ ਮਹੀਨੇ ਕੈਨੇਡਾ ਵਿੱਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਬਦਲਾ ਦੱਸਿਆ ਗਿਆ ਹੈ। ਦੱਸ ਦਈਏ ਕਿ ਅੱਤਵਾਦੀ ਨਿੱਝਰ ਨੂੰ ਪਿਛਲੇ ਮਹੀਨੇ ਕੈਨੇਡਾ ਦੇ ਸਰੀ ਵਿੱਚ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਪਾਰਕਿੰਗ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪੰਨੂ ਨੇ ਵੀਡੀਓ ਜਾਰੀ ਕਰ ਕੀਤਾ ਸੀ ਐਲਾਨ:ਦੱਸ ਦਈਏ ਕਿ ਪਿਛਲੇ ਦਿਨੀਂ ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ 8 ਜੁਲਾਈ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇੰਨਾ ਹੀ ਨਹੀਂ ਪੰਨੂ ਨੇ ਇਨ੍ਹਾਂ ਰੈਲੀਆਂ ਨੂੰ 'ਕਿੱਲ ਇੰਡੀਆ' ਦਾ ਨਾਂ ਦਿੱਤਾ ਹੈ। ਜਿਸ ਵਿੱਚ 21-21 ਸਿੱਖਾਂ ਦਾ ਜਥਾ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਕਰੇਗਾ ਅਤੇ ਤਿਰੰਗੇ ਦਾ ਅਪਮਾਨ ਕਰਨ ਦੀ ਗੱਲ ਵੀ ਕਹੀ ਗਈ ਸੀ। ਪੰਨੂ ਦੀ ਧਮਕੀ ਅਤੇ ਇਸ ਘਟਨਾ ਤੋਂ ਬਾਅਦ ਭਾਰਤੀ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ।